ਨਵੀਂ ਦਿੱਲੀ (ਗਿਆਨ ਸੈਦਪੁਰੀ)
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸਕੱਤਰ ਪੇਂਡੂ ਵਿਕਾਸ (ਮਗਨਰੇਗਾ) ਨੂੰ ਮਿਲ ਕੇ ਮੰਗ ਪੱਤਰ ਦੇਣ ਉਪਰੰਤ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਸਿਖਰਲੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਸਕੱਤਰ ਵੀ. ਐੱਸ ਨਿਰਮਲ, ਆਲ ਇੰਡੀਆ ਵਰਕਰਜ਼ ਯੂਨੀਅਨ ਦੇ ਆਗੂ ਡਾ. ਬਿਕਰਮ ਸਿੰਘ ਤੇ ਵੀ ਸ਼ਿਵਦਾਸਨ, ਆਲ ਇੰਡੀਆ ਐਗਰੀਕਲਚਰ ਐਂਡ ਰਰੂਲ ਲੇਬਰ ਐਸੋਸੀਏਸ਼ਨ ਦੇ ਆਗੂ ਰਾਧਿਕਾ ਮੈਨਨ, ਆਲ ਇੰਡੀਆ ਸਮਾਇਕਤਾ ਕਿਸਾਨ ਸਭਾ ਦੇ ਆਗੂ ਆਜਿਤ ਗਾਂਗੁਲੀ ਅਤੇ ਆਲ ਇੰਡੀਆ ਐਗਰੀਕਲਚਰ ਕਿ੍ਰਸ਼ੀ ਸਰਮਿਕ ਯੂਨੀਅਨ ਦੇ ਆਗੂ ਧਰਮੇਂਦਰ ਵਰਮਾ ਸ਼ਾਮਲ ਸਨ। ਆਗੂਆਂ ਦੱਸਿਆ ਕਿ ਦੋਵੇਂ ਆਗੂਆਂ ਨੇ ਵੱਖ-ਵੱਖ ਮੰਗਾਂ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਿਆ। ਅਸ਼ਵਨੀ ਵੈਸ਼ਨਵ ਕੋਲੋਂ ਮੰਗ ਕੀਤੀ ਗਈ ਕਿ ਬਾਲਾਸੌਰ (ਉੜੀਸਾ) ਵਿੱਚ ਹੋਏ ਭਿਆਨਕ ਰੇਲ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਵਾਰਾਂ ਨੂੰ 50-50 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ। ਰੇਲ ਵਿਭਾਗ ਵਿੱਚ ਖਾਲੀ ਪਈਆਂ ਤਿੰਨ ਲੱਖ ਬਾਰਾਂ ਹਜ਼ਾਰ ਪੋਸਟਾਂ ਜਲਦੀ ਭਰਾਈਆਂ ਜਾਣ। ਰੇਲ ਗੱਡੀਆਂ ਦੇ ਸਧਾਰਨ ਡੱਬਿਆਂ ਦੀ ਗਿਣਤੀ ਵਧਾਈ ਜਾਵੇ ਅਤੇ ਖੇਤ ਮਜ਼ਦੂਰਾਂ ਨੂੰ ਕਿਰਾਏ ਵਿੱਚ 50 ਫੀਸਦੀ ਛੋਟ ਦੇ ਕੇ ਉਨ੍ਹਾਂ ਦੇ ਪਛਾਣ ਜਾਰੀ ਕੀਤੇ ਜਾਣ। ਹੋਰ ਵੀ ਕਈ ਮੰਗਾਂ ਮੰਤਰੀ ਅੱਗੇ ਰੱਖੀਆਂ ਗਈਆਂ। ਇਸੇ ਤਰ੍ਹਾਂ ਸਕੱਤਰ ਪੇਂਡੂ ਵਿਕਾਸ (ਮਗਨਰੇਗਾ) ਕੋਲੋਂ ਮੰਗ ਕੀਤੀ ਗਈ ਕਿ ਮਗਨਰੇਗਾ ਵਿੱਚ ਵਿਆਪਕ ਪੱਧਰ ’ਤੇ ਫੈਲ ਚੁੱਕੇ ਭਿ੍ਰਸ਼ਟਾਚਾਰ ਨੂੰ ਖਤਮ ਕੀਤਾ ਜਾਵੇ। ਆਨਲਾਈਨ ਹਾਜ਼ਰੀ ਲਗਵਾਉਣੀ ਬੰਦ ਕੀਤੀ ਜਾਵੇ। ਮਗਨਰੇਗਾ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ। ਸਾਲ ਵਿੱਚ 200 ਦਿਨਾਂ ਦੇ ਕੰਮ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੂਰੇ ਭਾਰਤ ਵਿੱਚ ਮਗਨਰੇਗਾ ਮਜ਼ਦੂਰਾਂ ਨੂੰ 600 ਰੁਪਏ ਦਿਹਾੜੀ ਦਿੱਤੀ ਜਾਵੇ।
ਵੀ ਐੱਸ ਨਿਰਮਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੱਤਰ ਪੇਂਡੂ ਵਿਕਾਸ (ਮਗਨਰੇਗਾ) ਨਾਲ ਮਜ਼ਦੂਰ ਜਥੇਬੰਦੀ ਦੇ ਆਗੂਆਂ ਦੀ ਗੱਲਬਾਤ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ। ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਬਣਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।





