ਕਾਕਾਮੀਗਾਹਾਰਾ (ਜਾਪਾਨ) : ਭਾਰਤ ਨੇ ਚਾਰ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ ਐਤਵਾਰ ਇਕ ਦੇ ਮੁਕਾਬਲੇ ਦੋ ਗੋਲਾਂ ਨਾਲ ਹਰਾ ਕੇ ਮਹਿਲਾਵਾਂ ਦਾ ਜੂਨੀਅਰ ਹਾਕੀ ਏਸ਼ੀਆ ਕੱਪ ਜਿੱਤ ਲਿਆ। ਭਾਰਤ ਲਈ ਅਨੂੰ ਤੇ ਨੀਲਮ ਨੇ ਗੋਲ ਕੀਤੇ, ਜਦਕਿ ਦੱਖਣੀ ਕੋਰੀਆ ਵੱਲੋਂ ਪਾਰਕ ਸਿਓ ਯਿਓਨ ਨੇ ਇਕਲੌਤਾ ਗੋਲ ਕੀਤਾ।
ਪਹਿਲਾ ਕੁਆਰਟਰ ਗੋਲ-ਰਹਿਤ ਰਹਿਣ ਤੋਂ ਬਾਅਦ ਭਾਰਤ ਨੇ ਅਨੂੰ ਵੱਲੋਂ 22ਵੇਂ ਮਿੰਟ ’ਚ ਪੈਨਲਟੀ ਕਾਰਨਰ ਨਾਲ ਕੀਤੇ ਗੋਲ ਨਾਲ ਲੀਡ ਲਈ। ਪਾਰਕ ਨੇ ਤਿੰਨ ਮਿੰਟਾਂ ਬਾਅਦ ਗੋਲ ਉਤਾਰ ਕੇ ਮੈਚ ਬਰਾਬਰੀ ’ਤੇ ਲੈ ਆਂਦਾ। ਨੀਲਮ ਨੇ 41ਵੇਂ ਮਿੰਟ ’ਚ ਮੈਦਾਨੀ ਗੋਲ ਕਰਕੇ ਫਿਰ ਲੀਡ ਦਿਵਾਈ। ਦੱਖਣੀ ਕੋਰੀਆ ਨੇ ਇਸ ਤੋਂ ਬਾਅਦ ਕਈ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਗੋਲ ਕਰਨ ਵਿਚ ਨਾਕਾਮ ਰਿਹਾ। ਇਸ ਤੋਂ ਪਹਿਲਾਂ ਭਾਰਤ 2012 ਵਿਚ ਬੈਂਕਾਕ ’ਚ ਫਾਈਨਲ ’ਚ ਪੁੱਜਾ ਸੀ, ਪਰ ਚੀਨ ਹੱਥੋਂ ਦੋ ਦੇ ਮੁਕਾਬਲੇ ਪੰਜ ਗੋਲਾਂ ਨਾਲ ਹਾਰ ਗਿਆ ਸੀ। ਭਾਰਤੀ ਕਪਤਾਨ ਪ੍ਰੀਤੀ, ਜਿਸ ਨੂੰ ਪਲੇਅਰ ਆਫ ਦੀ ਮੈਚ ਐਲਾਨਿਆ ਗਿਆ, ਨੇ ਕਿਹਾ ਕਿ ਰਾਊਂਡ ਰੋਬਿਨ ਸਟੇਜ ’ਚ ਦੱਖਣੀ ਕੋਰੀਆ ਨਾਲ 1-1 ’ਤੇ ਬਰਾਬਰ ਰਹਿਣ ਤੋਂ ਬਾਅਦ ਉਨ੍ਹਾਂ ਫਾਈਨਲ ਲਈ ਨਵੀਂ ਰਣਨੀਤੀ ਬਣਾਈ ਸੀ।
ਹਾਕੀ ਇੰਡੀਆ ਨੇ ਹਰੇਕ ਖਿਡਾਰਨ ਨੂੰ ਦੋ-ਦੋ ਲੱਖ ਰੁਪਏ ਅਤੇ ਸਪੋਰਟ ਸਟਾਫ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਾਰਤ ਟੂਰਨਾਮੈਂਟ ਵਿਚ ਕਿਸੇ ਤੋਂ ਨਹੀਂ ਹਾਰਿਆ ਤੇ ਉਹ ਇੱਥੋਂ ਸਾਲ ਦੇ ਅਖੀਰ ਵਿਚ ਚਿੱਲੀ ’ਚ ਹੋਣ ਵਾਲੇ ਮਹਿਲਾ ਜੂਨੀਅਰ ਵਰਲਡ ਕੱਪ-2023 ਲਈ ਵੀ ਕੁਆਲੀਫਾਈ ਕਰ ਗਿਆ ਹੈ।





