ਕੈਸਰਗੰਜ ਸੇ ਲੜੂੰਗਾ, ਲੜੂੰਗਾ, ਲੜੂੰਗਾ : ਬਿ੍ਰਜ ਭੂਸ਼ਣ

0
201

ਗੋਂਡਾ : ਮਹਿਲਾ ਭਲਵਾਨਾਂ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਸਿੰਘ ਨੇ ਐਤਵਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਨੌਂ ਸਾਲ ਪੂਰੇ ਹੋਣ ਮੌਕੇ ਯੂ ਪੀ ਦੇ ਗੌਂਡਾ ਜ਼ਿਲ੍ਹੇ ’ਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਇਹ ਰੈਲੀ 2024 ਚੋਣਾਂ ਲਈ ਭਾਜਪਾ ਦੇ ‘ਮਹਾਂ-ਸੰਪਰਕ ਅਭਿਆਨ’ ਤਹਿਤ ਰੱਖੀ ਗਈ ਸੀ।
ਆਪਣੇ ’ਤੇ ਲੱਗੇ ਦੋਸ਼ਾਂ ਤੋਂ ਬਾਅਦ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਬਿ੍ਰਜ ਭੂਸ਼ਣ ਨੇ ਤੜੀ ਨਾਲ ਕਿਹਾਕੈਸਰਗੰਜ ਲੋਕ ਸਭਾ ਸੀਟ ਸੇ ਚੁਨਾਵ ਲੜੂੰਗਾ, ਲੜੂੰਗਾ, ਲੜੂੰਗਾ। ਦੋਸ਼ਾਂ ਦਾ ਸਿੱਧਾ ਜ਼ਿਕਰ ਨਾ ਕਰਦਿਆਂ ਉਸ ਨੇ ਆਪਣੀ ਤਕਰੀਰ ਦੀ ਸ਼ੁਰੂਆਤ ਇਸ ਅੰਦਾਜ਼ ਵਿਚ ਕੀਤੀਯੇ ਮਿਲਾ ਮੁਝਕੋ ਮੁਹੱਬਤ ਕਾ ਸਿਲਾ, ਬੇਵਫਾ ਕਹਿਕੇ ਮੇਰਾ ਨਾਮ ਲਿਆ ਜਾਤਾ ਹੈ। ਇਸਕੋ ਰੁਸਵਾਈ ਕਹੇਂ ਕਿ ਸ਼ੋਹਰਤ ਅਪਨੀ, ਦਬੇ ਹੋਠੋਂ ਸੇ ਮੇਰਾ ਨਾਮ ਲਿਆ ਜਾਤਾ ਹੈ।
ਬਿ੍ਰਜ ਭੂਸ਼ਣ ਗੱਡੀਆਂ ਦੇ ਕਾਫਲੇ ਦੀ ਸ਼ਕਲ ਵਿਚ ਰੈਲੀ ਵਾਲੀ ਥਾਂ ਪੁੱਜਾ। ਉਹ ਇਕ ਗੱਡੀ ਦੇ ਉਪਰ ਬੈਠਾ ਹੋਇਆ ਸੀ। ਸਟੇਜ ’ਤੇ ਚੜ੍ਹਨ ਵੇਲੇ ਨਾਅਰਾ ਲੱਗਾਯੂ ਪੀ ਟਾਈਗਰ ਬਿ੍ਰਜ ਭੂਸ਼ਣ ਸਿੰਘ। ਉਸ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਦੇ ਰਾਜ ’ਚ ਦੇਸ਼ ਨੇ ਹਜ਼ਾਰਾਂ ਕਿੱਲੋਮੀਟਰ ਇਲਾਕਾ ਪਾਕਿਸਤਾਨ ਤੇ ਚੀਨ ਨੂੰ ਗੁਆਇਆ।
ਬਿ੍ਰਜ ਭੂਸ਼ਣ ਨੇ ਕਿਹਾ ਕਿ 1971 ਵਿਚ ਮੋਦੀ ਹੁੰਦੇ ਤਾਂ ਪਾਕਿਸਤਾਨ ਤੇ ਚੀਨ ਵੱਲੋਂ ਹੜੱਪੀ ਜ਼ਮੀਨ ਛੁਡਵਾ ਲੈਂਦੇ। 92 ਹਜ਼ਾਰ ਪਾਕਿਸਤਾਨੀ ਫੌਜੀਆਂ ਨੂੰ ਬੰਦੀ ਬਣਾਉਣ ਦੇ ਬਾਅਦ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੁਰਾਣਾ ਹਿਸਾਬ ਚੁਕਾਏ ਬਿਨਾਂ ਉਨ੍ਹਾਂ ਨੂੰ ਛੱਡ ਦਿੱਤਾ। ਉਸ ਨੇ ਕਾਂਗਰਸ ’ਤੇ ਸਿੱਖਾਂ ਦੇ ਕਤਲੇਆਮ ਦਾ ਦੋਸ਼ ਵੀ ਲਾਇਆ।
ਉਸ ਨੇ ਦਾਅਵਾ ਕੀਤਾ ਕਿ 2014 ਤੇ 2019 ਵਾਂਗ 2024 ਵਿਚ ਵੀ ਭਾਜਪਾ ਸੱਤਾ ’ਚ ਆਏਗੀ। ਉਸ ਨੇ ਕਿਹਾ ਕਿ ਕਸ਼ਮੀਰ ਵਿਚ ਭਾਜਪਾ ਸਰਕਾਰ ਨੇ ਵਧੀਆ ਕੰਮ ਕੀਤਾ ਹੈ ਤੇ ਅਯੁੱਧਿਆ ਵਿਚ ਰਾਮ ਮੰਦਰ ਵੀ ਬਣਾਇਆ ਹੈ। ਇਸ ਦਾ ਸਿਹਰਾ ਮੋਦੀ ਨੂੰ ਜਾਂਦਾ ਹੈ, ਪਰ ਉਸ ਤੋਂ ਪਹਿਲਾਂ ਪਾਰਟੀ ਵਰਕਰਾਂ ਨੂੰ ਜਾਂਦਾ ਹੈ, ਜਿਨ੍ਹਾਂ ਮੋਦੀ ਜੀ ਨੂੰ ਇਸ ਕਾਬਲ ਬਣਾਇਆ। ਭਾਜਪਾ ਐੱਮ ਐੱਲ ਸੀ ਮੰਜੂ ਸਿੰਘ ਨੇ ਬਿ੍ਰਜ ਭੂਸ਼ਣ ਨੂੰ ‘ਪੂਰਵਾਂਚਲ ਕੇ ਗੌਰਵ’ ਕਿਹਾ। ਰੈਲੀ ਦੇ ਮੁੱਖ ਮਹਿਮਾਨ ਤੇ ਮੱਧ ਪ੍ਰਦੇਸ਼ ਦੇ ਮੰਤਰੀ ਮੋਹਨ ਯਾਦਵ ਨੇ ਬਿ੍ਰਜ ਭੂਸ਼ਣ ਦੇ ਹੱਕ ਵਿਚ ਇਸ ਲਈ ਤਾੜੀਆਂ ਮਾਰਨ ਲਈ ਕਿਹਾ ਕਿ ਉਸ ਨੇ ਇਲਾਕੇ ’ਚ ਸਿੱਖਿਆ ਦੇ ਪਸਾਰ ਲਈ 55 ਕਾਲਜ ਤੇ ਸਕੂਲ ਬਣਵਾਏ।

LEAVE A REPLY

Please enter your comment!
Please enter your name here