ਚੰਡੀਗੜ੍ਹ (ਗੁਰਜੀਤ ਬਿੱਲਾ)ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਬਾਰੇ ਦੇਸ਼ ਦੁਨੀਆ ਨੂੰ ਜਾਣੂੰ ਕਰਵਾਉਣ, ਸੂਬੇ ਵਿਚ ਸੈਰ-ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਹੁਣ ਪੰਜਾਬ ਸਰਕਾਰ ਇੱਥੋਂ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਨ ਲਈ ਵਿਰਾਸਤੀ ਮੇਲਿਆਂ ਦਾ ਧੂਮਧਾਮ ਨਾਲ ਆਯੋਜਨ ਕਰੇਗੀ। ਇਹ ਜਾਣਕਾਰੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਵਾਰਤਾ ਦੌਰਾਨ ਸਾਂਝੀ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਲੇਬਰ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਤੋਂ ਦੁਨੀਆ ਨੂੰ ਜਾਣੂ ਕਰਵਾਉਣ, ਸੂਬੇ ਵਿੱਚ ਸੈਰ-ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੂਬੇ ਵਿੱਚ ਸਾਲ ਭਰ ਵਿਰਾਸਤੀ ਮੇਲਿਆਂ ਅਤੇ ਤਿਉਹਾਰਾਂ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ।
ਉਨ੍ਹਾ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਲੋਂ ਸੈਰ-ਸਪਾਟਾ ਖੇਤਰ ’ਚ ਨਵੀਂਆਂ ਪਹਿਲਕਦਮੀਆਂ ਉਲੀਕਿਆਂ ਗਈਆਂ ਹਨ।
ਉਹਨਾ ਦੱਸਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਸੂਬੇ ਵਿੱਚ ਸਾਲ ਭਰ 22 ਮੇਲੇ ਕਰਵਾਏ ਜਾਣਗੇ। ਉਨ੍ਹਾ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਫੈਸਟੀਵਲ, ਫਿਰੋਜ਼ਪੁਰ ਵਿਖੇ ਬਸੰਤ ਫੈਸਟੀਵਲ, ਜਨਵਰੀ ਵਿਚ ਕਪੂਰਥਲਾ ਹੈਰੀਟੇਜ ਫੈਸਟੀਵਲ ਹੋਵੇਗਾ। ਇਸ ਤੋਂ ਇਲਾਵਾ ਤੋਂ ਲੁਧਿਆਣਾ ਵਿਖੇ ਕਿਲ੍ਹਾ ਰਾਏਪੁਰ ਦਿਹਾਤੀ ਓਲੰਪਿਕ ਹੋਵੇਗਾ। ਉਨ੍ਹਾ ਕਿਹਾ ਕਿ ਬਠਿੰਡਾ ’ਚ ਵਿਰਾਸਤੀ ਮੇਲਾ ਅਤੇ ਵਿਸਾਖੀ ਮੇਲਾ, ਮਾਰਚ ’ਚ ਪਟਿਆਲਾ ’ਚ ਹੈਰੀਟੇਜ ਫੈਸਟੀਵਲ, ਮਾਰਚ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ, ਅਗਸਤ ਵਿੱਚ ਸੰਗਰੂਰ ਵਿਖੇ ਤੀਆਂ ਦਾ ਮੇਲਾ, ਸਤੰਬਰ ਵਿੱਚ ਐੱਸ ਬੀ ਐੱਸ ਨਗਰ ਵਿਖੇ ਇਨਕਲਾਬ ਫੈਸਟੀਵਲ, ਮਾਨਸਾ ਵਿਖੇ ਮਾਲਵਾ ਦੇ ਸੱਭਿਆਚਾਰ ਅਤੇ ਪਕਵਾਨਾਂ ਨੂੰ ਉਜਾਗਰ ਕਰਨ ਵਾਲਾ ਦੂਨ ਫੈਸਟੀਵਲ, ਫਾਜ਼ਿਲਕਾ ਵਿਖੇ ਪੰਜਾਬ ਹੈਂਡੀਕਰਾਫਟ ਫੈਸਟੀਵਲ, ਨਵੰਬਰ ਵਿੱਚ ਜਲੰਧਰ ਵਿਖੇ ਘੋੜਸਵਾਰ ਮੇਲਾ, ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ, ਪਠਾਨਕੋਟ ਵਿਖੇ ਦਰਿਆਵਾਂ ਦਾ ਮੇਲਾ, ਮਾਲੇਰਕੋਟਲਾ ਵਿਖੇ ਸੂਫੀ ਫੈਸਟੀਵਲ ਆਦਿ ਮੇਲੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਉਜਾਗਰ ਕਰਨਗੇ।
ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਨਿਹੰਗ ਓਲੰਪਿਕ’ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ ਤਰਨ ਤਾਰਨ ’ਚ ਦਾਰਾ ਸਿੰਘ ਛਿੰਝ ਓਲੰਪਿਕ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਜੇਤੂ ਨੂੰ ਸੂਬਾ ਸਰਕਾਰ ਵੱਲੋਂ ਨਗਦ ਇਨਾਮ ਤੇ ਰੁਸਤਮੇ-ਏ-ਪੰਜਾਬ ਦਾ ਖਿਤਾਬ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਰੋਪੜ ਅਤੇ ਪਠਾਨਕੋਟ ਵਿੱਚ ਸਾਲਾਨਾ ਐਡਵੈਂਚਰ ਸਪੋਰਟਸ ਵੀ ਸ਼ੁਰੂ ਕੀਤੇ ਜਾਣਗੇ। ਗੁਰਦਾਸਪੁਰ ਵਿੱਚ ਪਹਿਲਾ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਫੈਸਟੀਵਲ’ ਸ਼ੁਰੂ ਕੀਤਾ ਜਾਵੇਗਾ, ਜੋ ਕਿ ਪੰਜਾਬੀਆਂ ਦੀ ਬਹਾਦਰੀ ਨੂੰ ਉਜਾਗਰ ਕਰੇਗਾ।
ਉਹਨਾ ਦੱਸਿਆ ਕਿ ਜਨਵਰੀ ਵਿਚ ਅੰਮਿ੍ਰਤਸਰ ਵਿਖੇ ਰੰਗਲਾ ਪੰਜਾਬ ਤਿਉਹਾਰ ਹੋਵੇਗਾ, ਜਿਸ ਵਿਚ ਪੰਜਾਬੀ ਸੱਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਇੱਕ ਥਾਂ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿੱਚ ਉੱਘੇ ਨਾਵਲਕਾਰ ਅਤੇ ਕਵੀ ਹਿੱਸਾ ਲੈਣਗੇ। ਪੰਜਾਬ ਦੇ ਸੁਆਦਲੇ ਪਕਵਾਨ ਮੁਕਾਬਲੇ ਕਰਵਾਏ ਜਾਣਗੇ।
ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਰੰਗਾਰੰਗ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਪੇਸ਼ ਕੀਤੀ। ਉਨ੍ਹਾ ਕਿਹਾ ਕਿ ਜਲਦੀ ਹੀ ਮੁਹਾਲੀ ਵਿਖੇ ਸੈਰ-ਸਪਾਟਾ ਸੰਮੇਲਨ ਅਤੇ ਪੰਜਾਬ ਟਰੈਵਲ ਮਾਰਟ ਆਯੋਜਿਤ ਕੀਤਾ ਜਾਵੇਗਾ।





