ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਰਾਮ ਲੀਲ੍ਹਾ ਮੈਦਾਨ ’ਚ ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ‘ਮਹਾ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਰਾਜਧਾਨੀ ’ਚ ਸੇਵਾਵਾਂ ਦੇ ਕੰਟਰੋਲ ਨੂੰ ਲੈ ਕੇ ਲਿਆਂਦਾ ਗਿਆ ਆਰਡੀਨੈਂਸ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ।
ਉਨ੍ਹਾ ਕਿਹਾਭਾਜਪਾ ਮੈਨੂੰ ਨਿੱਤ ਗਾਲ੍ਹਾਂ ਕੱਢਦੀ ਹੈ, ਪਰ ਆਰਡੀਨੈਂਸ ਲਿਆ ਕੇ ਕੇਂਦਰ ਨੇ ਦਿੱਲੀ ਦੇ ਲੋਕਾਂ ਦਾ ਨਿਰਾਦਰ ਕੀਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਆਰਡੀਨੈਂਸ ਖਿਲਾਫ ਵਿੱਢੀ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾ ਕਿਹਾ ਕਿ ਆਰਡੀਨੈਂਸ ਜ਼ਰੀਏ ਪਹਿਲਾ ਹਮਲਾ ਦਿੱਲੀ ’ਤੇ ਕੀਤਾ ਗਿਆ ਹੈ ਤੇ ਜਲਦੀ ਹੀ ਅਜਿਹੇ ਹੋਰ ਆਰਡੀਨੈਂਸ ਹੋਰਨਾਂ ਰਾਜਾਂ ’ਚ ਵੀ ਲਿਆਂਦੇ ਜਾਣਗੇ। ‘ਆਪ’ ਸੁਪਰੀਮੋ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ’ਚ ਕੀਤੇ ਜਾ ਰਹੇ ਕੰਮਾਂ ਨੂੰ ਰੋਕਣ ਲਈ ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ, ਪਰ ਕੇਂਦਰ ਸਰਕਾਰ ਸ਼ਾਇਦ ਭੁੱਲ ਗਈ ਕਿ ਸਾਡੇ ਕੋਲ 100 ਸਿਸੋਦੀਆ ਤੇ 100 ਜੈਨ ਹਨ।
ਰੈਲੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਸੀਨੀਅਰ ਵਕੀਲ ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਤੇ ਹੋਰ ਆਗੂ ਮੌਜੂਦ ਸਨ।
ਸਿੱਬਲ ਨੇ ਕਿਹਾ ਕਿ ਮੋਦੀ ਸਰਕਾਰ ਡਬਲ ਇੰਜਣ ਸਰਕਾਰ ਨਹੀਂ, ਸਗੋਂ ਡਬਲ ਬੈਰਲ ਸਰਕਾਰ ਹੈ। ਇਹ ਦੋ ਬੈਰਲਾਂ ਹਨਈ ਡੀ ਤੇ ਸੀ ਬੀ ਆਈ। ਮੋਦੀ ਨੂੰ ਹਰਾਉਣ ਲਈ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਚੋਣਾਂ ਨਾ ਜਿੱਤਣ ਤੋਂ ਬਾਅਦ ਆਪੋਜ਼ੀਸ਼ਨ ਦੀਆਂ ਸੂਬਾਈ ਸਰਕਾਰਾਂ ਨੂੰ ਅਨੈਤਿਕ ਢੰਗਾਂ ਨਾਲ ਉਲਟਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾ ਕਿਹਾ ਕਿ ਦੇਸ਼ ਵਿਚ ਜਮਹੂਰੀਅਤ ਨਹੀਂ ਰਹੀ ਤੇ ਲੋਕਾਂ ਨੂੰ ਰਾਸ਼ਟਰ ਨੂੰ ਬਚਾਉਣ ਲਈ ਮੋਦੀ ਖਿਲਾਫ ਲੜਨਾ ਪੈਣਾ। ਜੇ ਭਾਜਪਾ 2024 ਦੀਆਂ ਚੋਣਾਂ ਜਿੱਤ ਗਈ ਤਾਂ ਫਿਰ ਚੋਣਾਂ ਨਹੀਂ ਹੋਣੀਆਂ। ਨਰਿੰਦਰ ਮੋਦੀ ਨੇ ਨਰਿੰਦਰ ਪੂਤਿਨ ਬਣ ਜਾਣਾ।
ਆਮ ਆਦਮੀ ਪਾਰਟੀ ਦੀ ਇਸ ਮਹਾਂ ਰੈਲੀ ਲਈ ਰਾਮਲੀਲ੍ਹਾ ਮੈਦਾਨ ਤੇ ਨੇੜਲੇ ਇਲਾਕਿਆਂ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।



