ਲੁਧਿਆਣਾ, (ਐੱਮ ਐੱਸ ਭਾਟੀਆ/ ਰੈਕਟਰ ਕਥੂਰੀਆ)-ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਸ਼ਹਿਰੀ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਐਡਵੋਕੇਟ ਨਵਲ ਛਿੱਬੜ ਨੇ ਕੀਤੀ । ਐੱਨ ੳ ਸੀ ਦੀ ਸਮੱਸਿਆ ਨੂੰ ਲੈ ਕੇ ਸਾਥੀਆਂ ਨੇ ਵਿਚਾਰ-ਵਟਾਂਦਰਾ ਕੀਤਾ ਅਤੇ ਜਲਦੀ ਹੀ ਇਸ ਬਾਰੇ ਇਕ ਡੈਲੀਗੇਸ਼ਨ ਸੰਬੰਧਤ ਅਧਿਕਾਰੀਆਂ ਨੂੰ ਮਿਲੇਗਾ। ਸ਼ਹਿਰ ਵਿਚ ਰੇਹੜੀ-ਫੜ੍ਹੀ ਵਾਲਿਆਂ ਦੀਆਂ ਮੁਸ਼ਕਲਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਹ ਰਾਇ ਬਣਾਈ ਗਈ ਕਿ ਜੋ ਵੈਂਡਿੰਗ ਜ਼ੋਨ ਐਕਟ 2014 ਇੱਕ ਸਾਲ ਦੇ ਅੰਦਰ-ਅੰਦਰ ਲਾਗੂ ਕਰਨਾ ਸੀ, ਉਸ ਐਕਟ ਨੂੰ ਲਾਗੂ ਕਰਵਾਇਆ ਜਾਵੇ, ਤਾਂ ਕਿ ਜਿਥੇ ਇਕ ਪਾਸੇ ਰੇਹੜੀ-ਫੜ੍ਹੀ ਵਾਲੇ ਨਗਰ ਨਿਗਮ ਦੇ ਅੱਤਿਆਚਾਰ ਤੋਂ ਬਚ ਸਕਣਗੇ, ਉਥੇ ਆਮ ਸ਼ਹਿਰੀਆਂ ਲਈ ਵੀ ਟਰੈਫਿਕ ਦੀ ਸਮੱਸਿਆ ਹੱਲ ਹੋਵੇਗੀ। ਜਲਦੀ ਹੀ ਇੱਕ ਡੈਲੀਗੇਸ਼ਨ ਇਸ ਸੰਬੰੰਧ ਵਿੱਚ ਪ੍ਰਸ਼ਾਸਨ ਨੂੰ ਮਿਲੇਗਾ। ਮੀਟਿੰਗ ਵਿੱਚ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਹ ਵਿਚਾਰ ਕੀਤਾ ਗਿਆ ਹੈ ਇਹਨਾ ਚੋਣਾਂ ਦੌਰਾਨ ਸ਼ਹਿਰੀਆਂ ਦੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ, ਜਿਸ ਵਿਚ ਸੜਕਾਂ ਦੀ, ਟਰੈਫਿਕ ਦੀ, ਪਾਣੀ ਦੇ ਨਿਕਾਸ ਦੀ, ਪਾਰਕਿੰਗ ਦੀ, ਅਵਾਰਾ ਪਸ਼ੂਆਂ ਦੀ ਅਤੇ ਪ੍ਰਦੂਸ਼ਨ ਦੀ ਸਮੱਸਿਆ ਬਾਰੇ ਸ਼ਹਿਰੀਆਂ ਨੂੰ ਜਾਣੂ ਕਰਵਾਏਗੀ ਅਤੇ ਪ੍ਰਸ਼ਾਸਨ ਦੀ ਅਸਫਲਤਾ ਨੂੰ ਲੋਕਾਂ ਸਾਹਮਣੇ ਲਿਆਵੇਗੀ। ਇਸ ਗੱਲ ਉੱਤੇ ਵੀ ਵਿਚਾਰ ਕੀਤਾ ਗਿਆ ਕਿ ਪਾਰਟੀ ਵੱਖ-ਵੱਖ ਵਾਰਡਾਂ ਵਿਚ ਹਮ-ਖਿਆਲ ਲੋਕਾਂ ਜਾਂ ਸੰਸਥਾਵਾਂ ਨਾਲ ਮਿਲ ਕੇ ਚੋਣਾਂ ਲੜੇਗੀ, ਤਾਂ ਕਿ ਇਮਾਨਦਾਰ ਅਤੇ ਲੋਕਾਂ ਦੇ ਹਿੱਤ ਦੇ ਸ਼ਹਿਰੀਆਂ ਨੂੰ ਹੀ ਨਗਰ ਨਿਗਮ ਦੇ ਹਾਊਸ ਵਿੱਚ ਭੇਜਿਆ ਜਾ ਸਕੇ।
ਮੀਟਿੰਗ ਵਿੱਚ ਇਸ ਗੱਲ ’ਤੇ ਵੀ ਵਿਚਾਰ ਕੀਤਾ ਗਿਆ ਕਿ ਪਾਰਟੀ ਵੱਲੋਂ ਸ਼ਹੀਦ ਕਰਨੈਲ ਸਿੰਘ ਈਸੜੂ, ਜੋ ਕਿ ਪਾਰਟੀ ਦੇ ਸਰਗਰਮ ਮੈਂਬਰ ਸਨ, ਦੀ ਬਰਸੀ 15 ਅਗਸਤ ਨੂੰ ਈਸੜੂ ਵਿਖੇ ਮਨਾਈ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਸਾਥੀ ਸ਼ਹਿਰ ਵਿੱਚੋਂ ਸ਼ਾਮਲ ਹੋਣਗੇ। ਮੀਟਿੰਗ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੇ ਸੰਬੰਧ ਵਿੱਚ ਕੋਈ ਵੀ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਬਣਾਈ ਗਈ, ਜਿਸ ਦੇ ਕਨਵੀਨਰ ਰਮੇਸ਼ ਰਤਨ ਹੋਣਗੇ ਅਤੇ ਇਹ ਕਮੇਟੀ ਆਪਣੀ ਰਿਪੋਰਟ ਸਿਟੀ ਕਮੇਟੀ ਨੂੰ ਸੌਂਪੇਗੀ।
ਹੋਰਨਾਂ ਤੋਂ ਇਲਾਵਾ ਜਿਨ੍ਹਾਂ ਵਿਚਾਰ-ਚਰਚਾ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਡੀ ਪੀ ਮੌੜ, ਐੱਮ ਐੱਸ ਭਾਟੀਆ, ਡਾਕਟਰ ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ, ਨਵਲ ਛਿੱਬੜ, ਵਿਨੋਦ ਕੁਮਾਰ, ਰਣਧੀਰ ਸਿੰਘ ਧੀਰਾ, ਕਾਮੇਸ਼ਵਰ ਯਾਦਵ ਅਤੇ ਅਜੀਤ ਜਵੱਦੀ ਆਦਿ ਸ਼ਾਮਲ ਸਨ।





