ਲੋਕ ਸਭਾ ਦੀਆਂ 2014 ਦੀਆਂ ਚੋਣਾਂ ਦੌਰਾਨ ਨਰਿੰਦਰ ਮੋਦੀ ਨੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਸੀ। ਇਸ ਮੁੱਦੇ ਉੱਤੇ ਭਰੋਸਾ ਕਰਕੇ ਔਰਤਾਂ ਨੇ ਵੱਡੀ ਪੱਧਰ ’ਤੇ ਭਾਜਪਾ ਨੂੰ ਵੋਟਾਂ ਪਾ ਕੇ ਸੱਤਾ ਵਿੱਚ ਲਿਆਂਦਾ ਸੀ। ਭਾਜਪਾ ਪਿਛਲੇ 9 ਸਾਲ ਤੋਂ ਕੇਂਦਰ ਦੀ ਸੱਤਾ ਉੱਤੇ ਕਾਬਜ਼ ਹੈ। ਕਈ ਸੂਬਿਆਂ ਵਿੱਚ ਵੀ ਉਸ ਦਾ ਰਾਜ ਹੈ। ਇਨ੍ਹਾਂ ਬੀਤੇ ਨੌ ਸਾਲਾਂ ਵਿੱਚ ਔਰਤਾਂ ਵਿਰੁੱਧ ਅਪਰਾਧ ਘਟੇ ਨਹੀਂ, ਸਗੋਂ ਵਧੇ ਹਨ। ਔਰਤਾਂ ਵਿਰੁੱਧ ਅਪਰਾਧਾਂ ਕਾਰਨ ਭਾਜਪਾ ਦੇ ਕਈ ਚੁਣੇ ਵਿਧਾਇਕਾਂ ਤੇ ਸਾਂਸਦਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਹੈ। ਇਨ੍ਹੀਂ ਦਿਨੀਂ ਵੀ ਭਾਜਪਾ ਸਾਂਸਦ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਵਿਰੁੱਧ ਮਹਿਲਾ ਭਲਵਾਨ ਜਿਨਸੀ ਸ਼ੋਸ਼ਣ ਦੇ ਦੋਸ਼ ਲਾ ਕੇ ਉਸ ਦੀ ਗਿ੍ਰਫ਼ਤਾਰੀ ਲਈ ਅੰਦੋਲਨ ਕਰ ਰਹੀਆਂ ਹਨ। ਔਰਤਾਂ ਦੀ ਸੁਰੱਖਿਆ ਦੀ ਦੁਹਾਈ ਦੇਣ ਵਾਲੇ ਨਰਿੰਦਰ ਮੋਦੀ ਤੇ ਹੋਰ ਭਾਜਪਾ ਆਗੂ ਬਿ੍ਰਜ ਭੂਸ਼ਣ ਨੂੰ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ।
ਇਸ ਸਮੇਂ ਔਰਤਾਂ, ਖਾਸ ਕਰ ਛੋਟੀ ਉਮਰ ਦੀਆਂ ਬੱਚੀਆਂ ਦੀ ਸੁਰੱਖਿਆ ਦਾ ਮਸਲਾ ਇੱਕ ਗੰਭੀਰ ਸਮਾਜਕ ਸਮੱਸਿਆ ਦਾ ਰੂਪ ਧਾਰਨ ਕਰ ਚੁੱਕਾ ਹੈ। ਕੌਮੀ ਅਪਰਾਧ ਬਿਊਰੋ ਦੇ ਅੰਕੜਿਆਂ ਮੁਤਾਬਕ 2021 ਵਿੱਚ ਦੇਸ਼ ਭਰ ਅੰਦਰ 69 ਹਜ਼ਾਰ 14 ਬੱਚੇ ਗੁੰਮ ਹੋਏ ਸਨ। ਇਨ੍ਹਾਂ ਵਿੱਚ 55 ਹਜ਼ਾਰ 120 ਬੱਚੀਆਂ ਸਨ, ਜੋ ਕੁੱਲ ਗੁੰਮਸ਼ੁਦਾ ਬੱਚਿਆਂ ਦਾ 80 ਫ਼ੀਸਦੀ ਬਣਦੀਆਂ ਹਨ। ਔਸਤਨ ਸਾਡੇ ਦੇਸ਼ ਵਿੱਚ ਹਰ ਸਾਲ 75 ਹਜ਼ਾਰ ਬੱਚੇ ਗੁੰਮ ਹੁੰਦੇ ਹਨ। ਇਹ ਗਿਣਤੀ ਉਨ੍ਹਾਂ ਬੱਚਿਆਂ ਦੀ ਹੈ, ਜਿਨ੍ਹਾਂ ਦੀ ਐੱਫ਼ ਆਈ ਆਰ ਦਰਜ ਹੁੰਦੀ ਹੈ। ਲੜਕੀਆਂ ਗੁੰਮ ਹੋਣ ਉਤੇ ਜਦੋਂ ਮਾਪੇ ਥਾਣੇ ਰਪਟ ਦਰਜ ਕਰਾਉਣ ਜਾਂਦੇ ਹਨ ਤਾਂ ਅੱਗੋਂ ਘੜਿਆ-ਘੜਾਇਆ ਜਵਾਬ ਮਿਲਦਾ ਹੈ ਕਿ ਕਿਸੇ ਮੁੰਡੇ ਨਾਲ ਭੱਜ ਗਈ ਹੋਵੇਗੀ। ਇੰਜ ਗਰੀਬ ਪਰਵਾਰਾਂ ਦੇ ਬਹੁਤ ਸਾਰੇ ਕੇਸਾਂ ਵਿੱਚ ਪੁਲਸ ਰਪਟ ਵੀ ਦਰਜ ਨਹੀਂ ਕਰਦੀ।
ਗੁੰਮ ਹੋਈਆਂ ਲੜਕੀਆਂ ਨੂੰ ਕਈ ਮਾਮਲਿਆਂ ਵਿੱਚ ਘਰੇਲੂ ਨੌਕਰਾਣੀ ਵਜੋਂ ਵੇਚ ਦਿੱਤਾ ਜਾਂਦਾ ਹੈ ਜਾਂ ਫਿਰ ਦੇਹ ਵਪਾਰ ਵਿੱਚ ਧੱਕ ਦਿੱਤਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਕਈ ਸਮਾਜਕ ਤਬਕਿਆਂ ਵਿੱਚ �ਿਗ ਅਨੁਪਾਤ ਅਸਾਵਾਂ ਹੁੰਦਾ ਹੈ, ਜਿਸ ਤਰ੍ਹਾਂ ਗੁਜਰਾਤ ਦੇ ਪਟੇਲ ਤੇ ਹਰਿਆਣਾ ਅਤੇ ਰਾਜਸਥਾਨ ਦੇ ਜਾਟ ਹਨ। ਲੜਕੀਆਂ ਘੱਟ ਹੋਣ ਕਾਰਨ ਇਹ ਵਿਆਹ ਲਈ ਦੂਜੇ ਸੂਬਿਆਂ ਵਿੱਚੋਂ ਸਮੱਗਲ ਕਰਕੇ ਲਿਆਂਦੀਆਂ ਲੜਕੀਆਂ ਨੂੰ ਖਰੀਦਦੇ ਹਨ। ਇਨ੍ਹਾਂ ਨੂੰ ਪਾਰੋ ਜਾਂ ਦਾਸੀ ਕਿਹਾ ਜਾਂਦਾ ਹੈ। ਆਮ ਤੌਰ ਉੱਤੇ ਇਹ ਲੜਕੀਆਂ ਗਰੀਬ ਆਦਿਵਾਸੀ ਜਾਂ ਦਲਿਤ ਭਾਈਚਾਰੇ ਦੀਆਂ ਹੁੰਦੀਆਂ ਹਨ। ਪਿਛਲੇ ਦਿਨੀਂ ‘ਦੀ ਹਿੰਦੂ’ ਵਿੱਚ ਇੱਕ ਰਿਪੋਰਟ ਛਪੀ ਸੀ ਕਿ ਕਿਵੇਂ ਆਦਿਵਾਸੀ, ਦਲਿਤ ਤੇ ਓ ਬੀ ਸੀ ਲੜਕੀਆਂ ਨੂੰ ਸਮੱਗਲ ਕਰਕੇ ਪਟੇਲ ਭਾਈਚਾਰੇ ਦੇ ਕੁੰਵਾਰੇ ਮੁੰਡਿਆਂ ਨੂੰ ਵੇਚਿਆ ਜਾਂਦਾ ਹੈ।
ਝਾਰਖੰਡ ਵਿੱਚ ਇਸ ਸਮੇਂ ਮਨੁੱਖੀ ਤਸਕਰੀ ਦੀ ਸਮੱਸਿਆ ਅਤੀ ਗੰੰਭੀਰ ਹੋ ਚੁੱਕੀ ਹੈ। ਇੱਥੇ ਤਸਕਰੀ ਦਾ ਸ਼ਿਕਾਰ ਬੱਚੀਆਂ ਮੁੱਖ ਤੌਰ ਉੱਤੇ ਮੁੰਡਾ, ਗੌਂਡ ਤੇ ਸੰਥਾਲ ਆਦਿਵਾਸੀ ਕਬੀਲਿਆਂ ਦੀਆਂ ਹੁੰਦੀਆਂ ਹਨ। ਦਿੱਲੀ ਦੀਆਂ ਪਲੇਸਮੈਂਟ ਏਜੰਸੀਆਂ ਦੇ ਏਜੰਟ ਇਨ੍ਹਾਂ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਲੈ ਜਾਂਦੇ ਹਨ। ਇਸ ਤੋਂ ਬਾਅਦ ਇਹ ਬੱਚੀਆਂ ਅਜਿਹੀ ਦਲਦਲ ਵਿੱਚ ਫਸ ਜਾਂਦੀਆਂ ਹਨ ਕਿ ਮੁੜ ਨਿਕਲਣ ਬਾਰੇ ਸੋਚ ਵੀ ਨਹੀਂ ਸਕਦੀਆਂ। ਪਿਛਲੇ ਮਈ ਮਹੀਨੇ ਵਿੱਚ ਅਜਿਹੀਆਂ 11 ਲੜਕੀਆਂ ਨੂੰ ਬੇਂਗਲੁਰੂ ਤੋਂ ਬਚਾ ਕੇ ਰਾਂਚੀ ਲਿਆਂਦਾ ਗਿਆ ਸੀ। ਇਹ ਸਾਰੀਆਂ 14 ਤੋਂ 17 ਸਾਲ ਦੀਆਂ ਸਨ।
ਗੁੰਮ ਹੋਏ ਜਾਂ ਨੌਕਰੀ ਦੇ ਬਹਾਨੇ ਬਹਿਲਾ-ਫੁਸਲਾ ਕੇ ਗੁੰਮ ਕਰ ਦਿੱਤੇ ਗਏ ਬੱਚਿਆਂ ਦੇ ਮਾਪਿਆਂ ਦੀ ਤਕਲੀਫ਼ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਨਸਾਨ ਆਪਣੇ ਬੱਚੇ ਦੀ ਮੌਤ ਨੂੰ ਬਰਦਾਸ਼ਤ ਕਰ ਲੈਂਦਾ ਹੈ, ਕਿਉਂਕਿ ਉਸ ਦੀ ਮੌਤ ਉਨ੍ਹਾਂ ਦੇ ਸਾਹਮਣੇ ਹੋਈ ਹੁੰਦੀ ਹੈ। ਬੱਚਾ ਗਾਇਬ ਹੋ ਜਾਵੇ, ਉੁਸ ਦਾ ਦੁੱਖ ਮਾਪਿਆਂ ਨੂੰ ਸਾਰੀ ਜ਼ਿੰਦਗੀ ਚੈਨ ਨਾਲ ਜਿਉਣ ਨਹੀਂ ਦਿੰਦਾ। ਸਵਾਲ ਸਿਰਫ਼ ਮਾਂ-ਪਿਓ ਦਾ ਹੀ ਨਹੀਂ, ਸਗੋਂ ਗੁੰਮ ਹੋਏ ਬੱਚੇ-ਬੱਚੀਆਂ ਦਾ ਵੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਕਿਨ੍ਹਾਂ ਹਾਲਤਾਂ ਵਿੱਚ ਗੁਜ਼ਰਦੀ ਹੈ। ਇਸ ਦੀ ਕਲਪਨਾ ਕਰਕੇ ਹੀ ਰੂਹ ਕੰਬ ਜਾਂਦੀ ਹੈ।



