ਸੰਗਰੂਰ : 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਤਿੰਨ ਕੱਚੇ ਅਧਿਆਪਕ ਗਰਮੀ ਦੇ ਬਾਵਜੂਦ ਵੀਰਵਾਰ ਤੀਜੇ ਦਿਨ ਟੈਂਕੀ ਉਪਰ ਡਟੇ ਰਹੇ, ਜਦੋਂ ਕਿ ਬਾਕੀ ਕੱਚੇ ਅਧਿਆਪਕਾਂ ਦਾ ਟੈਂਕੀ ਹੇਠਾਂ ਧਰਨਾ ਜਾਰੀ ਰਿਹਾ। 14 ਸਾਲਾ ਬੱਚਾ ਗੁਣਤਾਸ਼ ਸ਼ਰਮਾ ਵੀ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿਚ ਟੈਂਕੀ ਉਪਰ ਚੜ੍ਹ ਗਿਆ। ਬੱਚੇ ਨੇ ਮੁਹਾਲੀ ਵਿਖੇ ਵੀ ਕੱਚੇ ਅਧਿਆਪਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ। ਸੰਘਰਸ਼ਕਾਰੀ ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕੈਬਨਿਟ ਸਬ-ਕਮੇਟੀ ਨਾਲ ਜਲਦ ਮੀਟਿੰਗ ਕਰਵਾ ਕੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅਗਲੇ ਦੋ-ਤਿੰਨ ਦਿਨਾਂ ਵਿਚ ਤਿੱਖਾ ਗੁਪਤ ਐਕਸ਼ਨ ਕੀਤਾ ਜਾਵੇਗਾ। ਤਿੰਨ ਦਿਨ ਪਹਿਲਾਂ ਕੱਚੇ ਅਧਿਆਪਕ ਇਥੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਤੋਂ ਨੇੜਲੇ ਪਿੰਡ ਖੁਰਾਣਾ ਵਿਖੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਸਨ, ਜਦੋਂ ਕਿ ਬਾਕੀ ਕੱਚੇ ਅਧਿਆਪਕਾਂ ਦਾ ਰੋਸ ਧਰਨਾ ਲਗਾਤਾਰ ਜਾਰੀ ਹੈ। ਭਾਵੇਂ ਪ੍ਰਸ਼ਾਸਨ ਨੇ ਕੈਬਨਿਟ ਸਬ-ਕਮੇਟੀ ਨਾਲ ਯੂਨੀਅਨ ਦੀ ਮੀਟਿੰਗ ਨਿਸ਼ਚਿਤ ਕਰਵਾ ਦਿੱਤੀ ਸੀ, ਪਰ ਅਗਲੇ ਦਿਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ, ਜਿਸ ਕਾਰਨ ਕੱਚੇ ਅਧਿਆਪਕਾਂ ’ਚ ਰੋਸ ਹੈ।




