ਮਨੀਪੁਰ ’ਚ ਕਰੀਬ ਡੇਢ ਮਹੀਨੇ ਤੋਂ ਜਾਰੀ ਜਾਤੀ ਸੰਘਰਸ਼ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਹਜ਼ਾਰਾਂ ਲੋਕ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹੋ ਚੁੱਕੇ ਹਨ। ਸੂਬੇ ਦੀ ਭਾਜਪਾ ਸਰਕਾਰ ਦਾ ਦੋਸ਼ ਹੈ ਕਿ ਕੁੱਕੀ ਵਿਦਰੋਹੀ ਗਰੁੱਪ, ਜਿਨ੍ਹਾਂ ਕੇਂਦਰ ਤੇ ਰਾਜ ਸਰਕਾਰ ਨਾਲ ਟਕਰਾਅ ਖਤਮ ਕਰਨ ਲਈ ਕੀਤੇ ਗਏ ਸਸਪੈਨਸ਼ਨ ਆਫ ਅਪ੍ਰੇਸ਼ਨ (ਐੱਸ ਓ ਓ) ’ਤੇ ਦਸਤਖਤ ਕੀਤੇ ਸਨ, ਹਿੰਸਾ ਲਈ ਜ਼ਿੰਮੇਵਾਰ ਹਨ, ਪਰ ‘ਇੰਡੀਆ ਟੂਡੇ’ ਦੀ ਰਿਪੋਰਟ ਹੋਰ ਹੀ ਕਹਾਣੀ ਦੱਸਦੀ ਹੈ। ਸਰਕਾਰ ਨਾਲ 2019 ਵਿਚ ਹੋਏ ਸਮਝੌਤੇ ਵਿਚ ਸ਼ਾਮਲ ਇਕ ਹਥਿਆਰਬੰਦ ਕੁੱਕੀ ਗਰੁੱਪ ‘ਯੂਨਾਈਟਿਡ ਕੁੱਕੀ ਲਿਬਰੇਸ਼ਨ ਫਰੰਟ’ ਦੇ ਮੁਖੀ ਐੱਸ ਐੱਸ ਹਾਓਕਿਪ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਸੀ ਕਿ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੇ ਭਾਜਪਾ ਆਗੂ ਰਾਮ ਮਾਧਵ ਨੇ 2017 ਵਿਚ ਮਨੀਪੁਰ ਅਸੰਬਲੀ ਚੋਣਾਂ ਜਿੱਤਣ ਲਈ ਬਾਗੀ ਕੁੱਕੀ ਗਰੁੱਪਾਂ ਤੋਂ ਮਦਦ ਲਈ ਸੀ। ਸਰਮਾ ਤੇ ਮਾਧਵ ਉਦੋਂ ਉੱਤਰ-ਪੂਰਬੀ ਭਾਰਤ ਵਿਚ ਭਾਜਪਾ ਦਾ ਕੰਮ ਸੰਭਾਲ ਰਹੇ ਸਨ। ਉਸ ਸਾਲ ਭਾਜਪਾ ਪਹਿਲੀ ਵਾਰ ਸੂਬੇ ’ਚ ਸੱਤਾ ’ਚ ਆਈ ਸੀ ਤੇ ਐੱਨ ਬੀਰੇਨ ਸਿੰਘ ਮੁੱਖ ਮੰਤਰੀ ਬਣੇ ਸਨ। ਇਹ ਪੱਤਰ 8 ਜੂਨ 2023 ਨੂੰ ਐੱਨ ਆਈ ਏ ਕੋਰਟ ’ਚ ਹਾਓਕਿਪ ਵੱਲੋਂ ਦਾਇਰ ਇਕ ਹਲਫਨਾਮੇ ਦੇ ਨਾਲ ਨੱਥੀ ਕੀਤਾ ਗਿਆ ਹੈ। ਹਾਓਕਿਪ ਕਾਂਗਰਸ ਦੇ ਸਾਬਕਾ ਵਿਧਾਇਕ ਯਾਮਥੋਂਗ ਹਾਓਕਿਪ ਤੋਂ ਨਾਜਾਇਜ਼ ਹਥਿਆਰ ਖਰੀਦ ਦੇ ਇਕ ਮਾਮਲੇ ਵਿਚ ਮੁਲਜ਼ਮ ਹੈ। ਦੋਸ਼ ਹੈ ਕਿ ਉਸ ਨੇ ਜਿਹੜੀਆਂ 10 ਪਿਸਤੌਲਾਂ ਖਰੀਦੀਆਂ ਸਨ, ਉਹ ਪੁਲਸ ਦੇ ਅਸਲਾਖਾਨੇ ਤੋਂ ਚੁਰਾਈਆਂ ਗਈਆਂ ਸਨ। ਯਾਮਥੋਂਗ ਨੂੰ 24 ਅਗਸਤ 2018 ਨੂੰ ਅੱਤਵਾਦੀ ਜਥੇਬੰਦੀਆਂ ਨੂੰ ਚੋਰੀ ਦੇ ਹਥਿਆਰ ਵੰਡਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਸੀ। ਐੱਸ ਐੱਸ ਹਾਓਕਿਪ ਵੱਲੋਂ ਕੀਤੇ ਗਏ ਇੰਕਸ਼ਾਫ ਮੁਤਾਬਕ ਉਸ ਦੇ ਗਰੁੱਪ ਤੇ ਯੂਨਾਈਟਿਡ ਪੀਪਲਜ਼ ਫਰੰਟ ਨੇ ਰਾਮ ਮਾਧਵ ਤੇ ਸਰਮਾ ਨਾਲ ਸਮਝੌਤੇ ਤਹਿਤ ਭਾਜਪਾ ਉਮੀਦਵਾਰਾਂ ਨੂੰ ਜਿਤਾਇਆ ਸੀ। ਉਸ ਨੇ ਭਾਜਪਾ ਸਰਕਾਰ ਬਣਾਉਣ ’ਚ ਬਹੁਤ ਅਹਿਮ ਰੋਲ ਨਿਭਾਇਆ। ਜੇ ਉਹ ਮਦਦ ਨਾ ਕਰਦਾ ਤਾਂ ਭਾਜਪਾ ਸਰਕਾਰ ਬਣਨੀ ਲਗਭਗ ਅਸੰਭਵ ਹੰੁਦੀ। ਇਸ ਤੋਂ ਬਾਅਦ 2019 ’ਚ ਲੋਕ ਸਭਾ ਚੋਣਾਂ ’ਚ ਵੀ ਭਾਜਪਾ ਉਮੀਦਵਾਰ ਨੂੰ ਉਨ੍ਹਾਂ ਦੇ ਹਲਕੇ ਤੋਂ ਲਗਭਗ 80-90 ਫੀਸਦੀ ਵੋਟਾਂ ਪਈਆਂ। ਉਸ ਦਾ ਦੋਸ਼ ਹੈ ਕਿ ਉਸ ਨੇ ਨਾਜਾਇਜ਼ ਤੌਰ ’ਤੇ ਖਰੀਦੀਆਂ ਪਿਸਤੌਲਾਂ ਵਾਪਸ ਕਰ ਦਿੱਤੀਆਂ ਸਨ, ਪਰ ਫਿਰ ਵੀ ਉਸ ਨੂੰ ਫਸਾਇਆ ਗਿਆ ਹੈ। ਉਸ ਨੇ ਮਾਮਲੇ ਵਿਚ ਰਾਹਤ ਦਿਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿਚ ਬੀਤੇ ’ਚ ਭਾਜਪਾ ਲਈ ਕੀਤੇ ਗਏ ਅਹਿਸਾਨਾਂ ਦਾ ਹਵਾਲਾ ਦਿੱਤਾ ਸੀ।
ਕਾਂਗਰਸ ਦਾ ਕਹਿਣਾ ਹੈ ਕਿ ਕੁੱਕੀ ਨੇਤਾ ਦਾ ਦਾਅਵਾ ਸਹੀ ਹੈ ਤਾਂ ਸਾਫ ਹੈ ਕਿ ਭਾਜਪਾ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ। ਕਾਂਗਰਸ ਨੇ ਭਾਜਪਾ ਨੂੰ ਇਸ ਮਾਮਲੇ ਵਿਚ ਕੁਝ ਸਵਾਲ ਵੀ ਕੀਤੇ ਹਨਕੀ ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਕੁੱਕੀ ਅੱਤਵਾਦੀਆਂ ਦੀ ਮਦਦ ਲਈ ਸੀ? ਕੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੁੱਕੀ ਅੱਤਵਾਦੀਆਂ ਤੋਂ ਲਈ ਗਈ ਮਦਦ ਬਾਰੇ ਜਾਣਦੇ ਸਨ? ਜੇ ਹਾਂ, ਤਾਂ ਉਨ੍ਹਾਂ ਕਿਵੇਂ ਮਨਜ਼ੂਰੀ ਦਿੱਤੀ? ਜੇ ਨਹੀਂ, ਤਾਂ ਉਹ ਇਸ ਤੋਂ ਅਣਜਾਣ ਕਿਉ ਰਹੇ? ਕੀ ਮੋਦੀ ਸਰਕਾਰ ਲਈ ਚੋਣ ਫਾਇਦੇ ਦੇਸ਼ ਦੇ ਹਿੱਤਾਂ ਤੋਂ ਕਿਤੇ ਵੱਧ ਮਾਅਨੇ ਰੱਖਦੇ ਹਨ? ਹਿਮੰਤ ਬਿਸਵਾ ਸਰਮਾ ਤੇ ਰਾਮ ਮਾਧਵ ਖਿਲਾਫ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੋਦੀ ਸਰਕਾਰ ਤੇ ਭਾਜਪਾ ਕੀ ਕਾਰਵਾਈ ਕਰੇਗੀ? ਕੀ ਐੱਨ ਆਈ ਏ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰੇਗੀ ਤੇ ਜੇ ਕੋਈ ਲਿੰਕ ਹੋਵੇ ਤਾਂ ਉਸ ਦੀ ਜਾਂਚ ਕਰੇਗੀ? ਕੀ ਭਾਜਪਾ ਪ੍ਰਧਾਨ ਜੇ ਪੀ ਨੱਢਾ ਕਾਰਵਾਈ ਕਰਨਗੇ? ਕੀ ਕਿਸੇ ਅੱਤਵਾਦੀ ਜਥੇਬੰਦੀ ਨਾਲ ਮੇਲਜੋਲ ਅਸਾਮ ਦੇ ਮੁੱਖ ਮੰਤਰੀ ਵੱਲੋਂ ਚੁੱਕੀ ਗਈ ਅਹੁਦੇ ਦੀ ਸਹੁੰ ਦੀ ਉਲੰਘਣਾ ਨਹੀਂ ਹੈ? ਕੀ ਉਸ ਨੂੰ ਜਾਂਚ ਦੇ ਸਿੱਟੇ ਨਿਕਲਣ ਤੱਕ ਅਹੁਦੇ ’ਤੇ ਬਣੇ ਰਹਿਣ ਦਾ ਹੱਕ ਹੈ? ਕੀ ਦੇਸ਼ ਨੂੰ ਜਵਾਬ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਚੁੱਪੀ ਹੀ ਮਿਲੇਗੀ?
ਆਪੋਜ਼ੀਸ਼ਨ ਪਾਰਟੀਆਂ ਦੋਸ਼ ਲਾਉਦੀਆਂ ਆ ਰਹੀਆਂ ਹਨ ਕਿ ਮਨੀਪੁਰ ਭਾਜਪਾ ਤੇ ਆਰ ਐੱਸ ਐੱਸ ਦੀਆਂ ਚਾਲਾਂ ਕਰਕੇ ਸੜ ਰਿਹਾ ਹੈ। ਕੁੱਕੀ ਨੇਤਾ ਦੇ ਖੁਲਾਸੇ ਨੇ ਇਸ ਦੋਸ਼ ਦੀ ਤਾਈਦ ਕੀਤੀ ਹੈ, ਪਰ ਮੋਦੀ, ਸ਼ਾਹ ਤੇ ਨੱਢਾ ਚੁੱਪ ਹੀ ਰਹਿਣਗੇ, ਕਿਉਕਿ ਆਪਣੇ ਖਿਲਾਫ ਉਜਾਗਰ ਹੁੰਦੇ ਸਕੈਂਡਲਾਂ ’ਤੇ ਚੁੱਪੀ ਨੂੰ ਹੀ ਉਨ੍ਹਾਂ ਸਭ ਤੋਂ ਵੱਡੀ ਢਾਲ ਬਣਾ ਰੱਖਿਆ ਹੈ।



