ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਤ ਕਰੀਬੀ ਭਰਤਇੰਦਰ ਸਿੰਘ ਚਾਹਲ ਵੀਰਵਾਰ ਇੱਥੇ ਵਿਜੀਲੈਂਸ ਕੋਲ ਪੇਸ਼ ਹੋਇਆ। ਉਸ ਦੀ ਅਗਾਊਂ ਜ਼ਮਾਨਤ ਰੱਦ ਹੋ ਚੁੱਕੀ ਹੈ ਤੇ ਵਿਜੀਲੈਂਸ ਉਸ ਨੂੰ ਦਸ ਵਾਰ ਸੰਮਨ ਭੇਜ ਚੁੱਕੀ ਸੀ। ਸੂਤਰਾਂ ਅਨੁਸਾਰ ਪਟਿਆਲਾ ਦੇ ਮਹਿੰਗੇ ਇਲਾਕੇ ਮਿੰਨੀ ਸਕੱਤਰੇਤ ਰੋਡ ’ਤੇ ਭਰਤਇੰਦਰ ਸਿੰਘ ਚਾਹਲ ਵੱਲੋਂ ਬਣਾਇਆ ਬਹੁਕਰੋੜੀ ਮਲਟੀਪਲੈਕਸ ਸ਼ਾਪਿੰਗ ਮਾਲ ਦਾ ਮੁਲੰਕਣ ਕਰਨ ਲਈ ਉਸ ਨੂੰ ਵਿਜੀਲੈਂਸ ਵੱਲੋਂ ਸੰਮਨ ਭੇਜੇ ਗਏ ਸਨ। ਉਹ ਵਿਜੀਲੈਂਸ ਕੋਲ ਨਹੀਂ ਪੁੱਜਾ ਤੇ ਉਸ ਦੀ ਗੈਰਹਾਜ਼ਰੀ ਵਿਚ ਹੀ ਸ਼ਾਪਿੰਗ ਮਾਲ ਦਾ ਮੁਲੰਕਣ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਸਰਹਿੰਦ ਰੋਡ ’ਤੇ ਬਣਾਇਆ ਮੈਰਿਜ ਪੈਲੇਸ ਅਲਕਾਜ਼ਾਰ ਦਾ ਮੁਲੰਕਣ ਕਰਨਾ ਸੀ ਤਾਂ ਚਾਹਲ ਨੂੰ 6 ਵਾਰ ਬੁਲਾਇਆ ਗਿਆ, ਪਰ ਉਸ ਨੇ ਕਦੇ ਵੀ ਵਿਜੀਲੈਂਸ ਦੇ ਸੰਮਨ ਦਾ ਜਵਾਬ ਨਹੀਂ ਦਿੱਤਾ। ਉਸ ਦੀ ਗੈਰਹਾਜ਼ਰੀ ਵਿਚ ਹੀ ਅਲਕਾਜ਼ਾਰ ਦਾ ਮੁਲੰਕਣ ਵਿਜੀਲੈਂਸ ਨੇ ਕੀਤਾ।
ਇਸ ਤੋਂ ਇਲਾਵਾ ਨਾਭਾ ਰੋਡ ’ਤੇ ਟੋਲ ਪਲਾਜ਼ਾ ਕੋਲ 9 ਏਕੜ ਜ਼ਮੀਨ ਦਾ ਜਾਇਜ਼ਾ ਲੈਣ ਲਈ ਵੀ ਵਿਜੀਲੈਂਸ ਨੇ ਚਾਹਲ ਦੀ ਹਾਜ਼ਰੀ ਮੰਗੀ ਸੀ, ਪਰ ਉਹ ਗੈਰਹਾਜ਼ਰ ਰਿਹਾ। ਉਸ ਤੋਂ ਬਾਅਦ ਸਰਹਿੰਦ-ਮੰਡੀ ਗੋਬਿੰਦਗੜ੍ਹ ਰੋਡ ’ਤੇ ਹਰਬੰਸਪੁਰਾ ਕੋਲ ਪੈਟਰੋਲ ਪੰਪ ਦੇ ਕੋਲ ਖਰੀਦੀ 4 ਏਕੜ ਪ੍ਰਾਪਰਟੀ ਦੀ ਜਾਂਚ ਵੀ ਵਿਜੀਲੈਂਸ ਨੇ ਚਾਹਲ ਦੀ ਗੈਰਹਾਜ਼ਰੀ ਵਿਚ ਹੀ ਕੀਤੀ। ਪੰਚਕੂਲਾ ਵਿਚ ਸਥਿਤ ਚਾਹਲ ਦੀ ਵੱਡੀ ਕੋਠੀ ਬਾਰੇ ਵੀ ਵਿਜੀਲੈਂਸ ਜਾਣਨਾ ਚਾਹੁੰਦੀ ਹੈ ਕਿ ਉਹ ਕਿਵੇਂ ਬਣੀ, ਪਰ ਇਸ ਸਾਰੀ ਪ੍ਰਾਪਰਟੀ ਬਾਰੇ ਵਿਜੀਲੈਂਸ ਨੂੰ ਕੋਈ ਵੀ ਜਾਣਕਾਰੀ ਮੁਹੱਈਆ ਨਹੀਂ ਕਰਾਈ ਗਈ।




