ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਸ਼ੁੱਕਰਵਾਰ ਹੋਈ ਹੰਗਾਮੀ ਮੀਟਿੰਗ ‘ਚ ਗਿਆਨੀ ਹਰਪ੍ਰੀਤ ਸਿੰਘ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਤੋਂ ਮੁਕਤ ਹੋਣ ਦੀ ਇੱਛਾ ਪ੍ਰਵਾਨ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ | ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣੇ ਰਹਿਣਗੇ | ਗਿਆਨੀ ਸੁਲਤਾਨ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਵਾਂ ਜਥੇਦਾਰ ਬਣਾਇਆ ਗਿਆ ਹੈ |
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਛੱਡਣ ਦੀ ਇੱਛਾ ਪ੍ਰਗਟਾਈ ਗਈ ਸੀ, ਜਿਸ ਤੋਂ ਬਾਅਦ ਅੰਤਿ੍ੰਗ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ | ਉਨ੍ਹਾ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਬਣੇ ਰਹਿਣਗੇ | ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੂੰ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ | ਇਸ ਵੇਲੇ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ ਹਰਿਮੰਦਰ ਸਾਹਿਬ ਦੇ ਐਕਟਿੰਗ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਪਰ ਉਹ ਹੁਣ ਪਹਿਲਾਂ ਵਾਂਗ ਹੀ ਐਡੀਸ਼ਨਲ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ | ਧਾਮੀ ਨੇ ਦਾਅਵਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਵੈਇੱਛਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਛੱਡੀਆਂ | ਉਹ ਆਸਟਰੇਲੀਆ ਦੌਰੇ ‘ਤੇ ਹਨ ਅਤੇ ਅੱਜਕੱਲ੍ਹ ਵਿਚ ਵਾਪਸੀ ਕਰ ਰਹੇ ਹਨ | ਧਾਮੀ ਨੇ ਕਿਹਾ ਕਿ ਇਸ ਸੰਬੰਧ ‘ਚ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਹੋ ਚੁੱਕੀ ਹੈ |
ਗਿਆਨੀ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੰਗਣੀ ‘ਚ ਸ਼ਾਮਲ ਹੋਏ ਸਨ ਤੇ ਉਸ ਤੋਂ ਬਾਅਦ ਉਹ ਵਿਵਾਦ ‘ਚ ਸਨ | ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਨ੍ਹਾ ਦੀ ਸ਼ਮੂਲੀਅਤ ‘ਤੇ ਕਿੰਤੂ-ਪ੍ਰੰਤੂ ਕੀਤਾ ਗਿਆ ਸੀ | ਇਸੇ ਦੌਰਾਨ ਅੰਤਿ੍ੰਗ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਹੈ |
ਗਿਆਨੀ ਰਘਬੀਰ ਸਿੰਘ ਨੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ 2017 ‘ਚ ਦੇਹਾਂਤ ਹੋਣ ਤੋਂ ਬਾਅਦ ਅਗਸਤ 2017 ‘ਚ ਬਤੌਰ ਕਾਰਜਕਾਰੀ ਜਥੇਦਾਰ ਤਖਤ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲੀ ਸੀ | ਉਨ੍ਹਾ ਦਾ ਜਨਮ 1970 ਵਿਚ ਅੰਮਿ੍ਤਸਰ ਸਾਹਿਬ ਦੇ ਪਿੰਡ ਸੁਲਤਾਨਵਿੰਡ ਪੱਤੀ ਮਨਸੂਰ ਵਿਖੇ ਹੋਇਆ ਅਤੇ 1989 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਨੌਕਰੀ ਸ਼ੁਰੂ ਕੀਤੀ ਸੀ | ਗਿਆਨੀ ਰਘਬੀਰ ਸਿੰਘ ਨੇ ਅੰਮਿ੍ਤਸਰ ‘ਚ 1992 ਤੋਂ 1995 ਤੱਕ ਬਤੌਰ ਗ੍ਰੰਥੀ ਵੱਖ-ਵੱਖ ਸਥਾਨਾਂ ‘ਤੇ ਸੇਵਾਵਾਂ ਦਿੱਤੀਆਂ | 1995 ਵਿਚ ਉਨ੍ਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਾ ਨਿਯੁਕਤ ਕੀਤਾ ਗਿਆ, ਜਿੱਥੇ ਉਹ 2014 ਤੱਕ ਸੇਵਾ ਕਰਦੇ ਰਹੇ | 21 ਅਪਰੈਲ 2014 ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਉਨ੍ਹਾ ਨੂੰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਸੰਭਾਲੀ ਗਈ ਤੇ 2017 ਤੱਕ ਉਨ੍ਹਾ ਇਹ ਸੇਵਾ ਨਿਭਾਈ | ਗਿਆਨੀ ਰਘਬੀਰ ਸਿੰਘ ਨੇ ਦੇਸ਼ਾਂ-ਵਿਦੇਸ਼ਾਂ ਦੀ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰੂ ਚਰਨਾਂ ਨਾਲ ਜੋੜਨ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ |
ਜ਼ਿਲ੍ਹਾ ਅੰਮਿ੍ਤਸਰ ਸਾਹਿਬ ਦੇ ਜੰਮਪਲ ਗਿਆਨੀ ਸੁਲਤਾਨ ਸਿੰਘ ਨੇ ਆਪਣੀਆਂ ਸੇਵਾਵਾਂ ਬਤੌਰ ਗ੍ਰੰਥੀ ਸਿੰਘ ਸ਼ੁਰੂ ਕੀਤੀਆਂ ਸਨ | ਉਸ ਉਪਰੰਤ ਉਹ ਬਤੌਰ ਪੰਜ ਪਿਆਰਾ ਅਤੇ ਅਰਦਾਸੀਆ ਸਿੰਘ ਵੀ ਸੇਵਾਵਾਂ ਨਿਭਾਉਂਦੇ ਰਹੇ | 2021 ਤੋਂ ਉਹ ਹਰਮਿੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਸਿੰਘ ਸੇਵਾਵਾਂ ਨਿਭਾਅ ਰਹੇ ਸਨ |





