ਭਿੱਖੀਵਿੰਡ : ਫੌਜ ਵਿਚ ਭਰਤੀ ਕਰਨ ਲਈ ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਸੀ ਪੀ ਆਈ ਵੱਲੋਂ ਭਿੱਖੀਵਿੰਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਹ ਯੋਜਨਾ ਦੇਸ਼ ਵਿੱਚ ਹੋਰ ਬੇਰੁਜ਼ਗਾਰੀ ਫੈਲਾਏਗੀ | ਪਿੰਡਾਂ ਦੇ ਨੌਜਵਾਨ ਜਿਨ੍ਹਾਂ ਨੂੰ ਹੋਰ ਕਿਤੇ ਰੁਜ਼ਗਾਰ ਨਹੀਂ ਮਿਲਦਾ, ਉਹ ਫੌਜ ਵਿੱਚ ਭਰਤੀ ਹੋ ਜਾਂਦੇ ਸਨ, ਪਰ ਮੋਦੀ ਸਰਕਾਰ ਨੇ ਨੌਜਵਾਨਾਂ ਦਾ ਇਹ ਰਾਹ ਵੀ ਬੰਦ ਕਰ ਦਿੱਤਾ ਹੈ | ਅਗਨੀਪੱਥ ਯੋਜਨਾ ਤਹਿਤ ਮੋਦੀ ਸਰਕਾਰ ਦਾ ਫੈਸਲਾ ਇਹ ਹੈ ਕਿ ਚਾਰ ਸਾਲ ਲਈ ਫੌਜ ਵਿੱਚ ਭਰਤੀ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਛੁੱਟੀ ਦੇ ਕੇ ਉਨ੍ਹਾਂ ਨੂੰ ਪੱਕੇ ਤੌਰ ‘ਤੇ ਘਰਾਂ ਨੂੰ ਭੇਜ ਦਿੱਤਾ ਜਾਏਗਾ | ਜਿਹੜੀਆਂ ਸਹੂਲਤਾਂ ਫੌਜੀ ਨੂੰ ਮਿਲਦੀਆਂ ਹਨ, ਉਹ ਵੀ ਨਹੀਂ ਦਿੱਤੀਆਂ ਜਾਣਗੀਆਂ | ਮੋਦੀ ਸਰਕਾਰ ਦੇ ਇਸ ਮੰਤਵ ਪਿੱਛੇ ਨੀਤੀ ਇਹ ਹੈ ਕਿ ਫੌਜ ਵਿੱਚ ਭਰਤੀ ਕਰਨ ਦੇ ਬਹਾਨੇ ਸਰਕਾਰ ਦੇ ਪੈਸੇ ‘ਤੇ ਆਰ ਐੱਸ ਐੱਸ ਦੇ ਗੁੰਡਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ | ਉਸ ਵਿੱਚੋਂ 25 ਫੀਸਦੀ ਫੌਜ ਵਿੱਚ ਭਰਤੀ ਹੋ ਜਾਣਗੇ ਅਤੇ ਬਾਕੀਆਂ ਨੂੰ ਦੇਸ਼ ਵਿਚ ਅਫਰਾ-ਤਫਰੀ ਤੇ ਫਿਰਕਾਪ੍ਰਸਤੀ ਫੈਲਾਉਣ ਵਾਸਤੇ ਵਰਤਿਆ ਜਾਏਗਾ | ਮੋਦੀ ਦੀ ਇਹ ਨੀਤੀ ਦੇਸ਼ ਨੂੰ ਗਰਕ ਕਰ ਦੇਵੇਗੀ | ਇਸ ਕਰਕੇ ਹੀ ਮੋਦੀ ਦਾ ਸਾਰੇ ਦੇਸ਼ ਵਿਚ ਬੜਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ | ਮਾੜੀਮੇਘਾ ਨੇ ਕਿਹਾ ਕਿ ਫਾਸ਼ੀ ਹਮਲੇ ਵਿਰੋਧੀ ਫਰੰਟ ਵਿੱਚ ਸ਼ਾਮਲ ਕਮਿਊਨਿਸਟ ਪਾਰਟੀਆਂ ਨੇ ਸੱਦਾ ਦਿੱਤਾ ਹੈ ਕਿ ਐਮਰਜੈਂਸੀ ਵਾਲੇ ਦਿਨ 26 ਜੂਨ ਨੂੰ ਸਾਰੇ ਜ਼ਿਲਿ੍ਹਆਂ ਵਿੱਚ ਮੋਦੀ ਦੀ ਇਸ ਫਾਸ਼ੀਵਾਦੀ ਨੀਤੀ ਵਿਰੁੱਧ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਸੀ ਪੀ ਆਈ ਦੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਰਸ਼ਪਾਲ ਸਿੰਘ ਬਾਠ, ਸੁਖਦੇਵ ਸਿੰਘ ਕਾਲਾ, ਬਲਦੇਵ ਰਾਜ ਸ਼ਰਮਾ, ਜਸਪਾਲ ਸਿੰਘ, ਬਲਰਾਮ ਬੰਟੀ ਤੇ ਰਸਾਲ ਸਿੰਘ ਭਿੱਖੀਵਿੰਡ ਤੇ ਰਣਜੀਤ ਸਿੰਘ ਬੱਦਰ ਹਾਜ਼ਰ ਸਨ |