ਬਠਿੰਡਾ (ਬਖਤੌਰ ਢਿੱਲੋਂ)
ਸ਼ੁੱਕਰਵਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ: ਗੁਰਮੀਤ ਸਿੰਘ ਖੁੱਡੀਆਂ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਉਹਨਾਂ ਦੇ ਪਿੰਡ ਖੁੱਡੀਆਂ ਵਿਖੇ ਲੰਬੀ ਮੀਟਿੰਗ ਕੀਤੀ। ਇਸ ਵਿੱਚ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਕੋਲ ਪਹਿਲਾਂ ਹੀ ਪੇਸ਼ ਕੀਤੀ ਹੋਈ ਖੇਤੀ ਨੀਤੀ ’ਤੇ ਵਿਚਾਰ-ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਖੇਤੀ ਨੀਤੀ ਬਾਰੇ ਵਿਆਖਿਆ ਕੀਤੀ। ਲੰਬੀ ਵਿਚਾਰ ਚਰਚਾ ਦੌਰਾਨ ਮੁੱਖ ਤੌਰ ’ਤੇ ਵਿਚਾਰਿਆ ਗਿਆ ਕਿ ਹਰੇ ਇਨਕਲਾਬ ਦੀ ਨੀਤੀ ਕਾਰਨ ਪੰਜਾਬ ਦੀ ਮਿੱਟੀ, ਪਾਣੀ ਅਤੇ ਹਵਾ ਜ਼ਹਿਰੀਲੀ ਹੋ ਚੁੱਕੀ ਹੈ, ਕਿਸਾਨ ਪਰਵਾਰਾਂ ’ਤੇ ਔਸਤਨ ਦਸ ਲੱਖ ਦਾ ਕਰਜ਼ਾ ਹੈ ਅਤੇ ਕਰਜ਼ਿਆਂ ਕਾਰਨ ਸੂਬੇ ਅੰਦਰ ਕੁੱਲ ਖੁਦਕੁਸ਼ੀਆਂ ਵਿੱਚੋਂ 87% ਕਿਸਾਨਾਂ ਨੇ ਕੀਤੀਆਂ ਹਨ। ਇਸ ਲਈ ਨਵੀਂ ਖੇਤੀ ਨੀਤੀ ਕਿਸਾਨ, ਕੁਦਰਤ, ਸਮਾਜ ਅਤੇ ਵਾਤਾਵਰਨ ਪੱਖੀ ਹੋਣੀ ਚਾਹੀਦੀ ਹੈ। ਇਸ ਲਈ ਫਸਲਾਂ ਦੇ ਲਾਹੇਵੰਦ ਭਾਅ ਦੇਣ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀ-2 ਸਮੇਤ ਪੰਜਾਹ ਪ੍ਰਤੀਸ਼ਤ ਮੁਨਾਫਾ ਜੋੜ ਕੇ ਲਾਗੂ ਕੀਤੀ ਜਾਵੇ। ਸਾਰੀਆਂ ਫਸਲਾਂ ਦੀ ਐੱਮ ਐੱਸ ਪੀ ਤੇ ਖਰੀਦ ਦੀ ਗਰੰਟੀ ਹੋਵੇ ਤਾਂ ਕਿ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਤੋੜਿਆ ਜਾ ਸਕੇ। ਸਹਿਕਾਰੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਇਨਪੁਟਸ ਸਰਕਾਰ ਵੱਲੋਂ ਸਸਤੇ ਰੇਟਾਂ ’ਤੇ ਮੁਹੱਈਆ ਕਰਵਾਏ ਜਾਣ। ਖੇਤੀ ਮਸ਼ੀਨਰੀ, ਖਾਦਾਂ, ਤੇਲ ਅਤੇ ਦਵਾਈਆਂ ਵਗੈਰਾ ਤੋਂ ਕਾਰਪੋਰੇਟ ਘਰਾਣਿਆਂ ਦਾ ਗਲਬਾ ਖਤਮ ਕੀਤਾ ਜਾਵੇ। ਖੇਤੀ ਅਧਾਰਤ ਛੋਟੇ ਕਾਰਖਾਨੇ ਲਾਏ ਜਾਣ ਤਾਂ ਕਿ ਖੇਤੀ ਵਿੱਚੋਂ ਬਾਹਰ ਹੋ ਰਹੇ ਕਿਸਾਨਾਂ, ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕੇ। ਫਸਲੀ ਕਰਜ਼ਾ ਬਿਨਾਂ ਵਿਆਜ ਦਿੱਤਾ ਜਾਵੇ
ਦਰਿਆਈ ਪਾਣੀਆਂ ਦਾ ਰਿਪੇਰੀਅਨ ਕਾਨੂੰਨ ਅਨੁਸਾਰ ਨਿਪਟਾਰਾ ਕੀਤਾ ਜਾਵੇ। ਹਾਸਲ ਨਹਿਰੀ ਪਾਣੀ ਦੀ ਯੋਗ ਵਰਤੋਂ ਲਈ ਨਹਿਰਾਂ ਸੂਇਆਂ ਅਤੇ ਖਾਲਾਂ ਦੀ ਮੁਰੰਮਤ ਕਰਵਾਈ ਜਾਵੇ, ਨਹਿਰਾਂ, ਸੂਇਆਂ ਨੂੰ ਪੱਕਾ ਕਰਨ ਵੇਲੇ ਤਲ ਕੱਚਾ ਰੱਖਿਆ ਜਾਵੇ। ਮੋਘਿਆਂ ਦਾ ਪੱਧਰ ਪਹਿਲਾਂ ਵਾਲਾ ਬਰਕਰਾਰ ਰੱਖਿਆ ਜਾਵੇ, ਟੇਲਾਂ ਤੱਕ ਪਾਣੀ ਪਹੁੰਚਣਾ ਯਕੀਨੀ ਬਣਾਇਆ ਜਾਵੇ। ਦਰਿਆਵਾਂ, ਨਹਿਰਾਂ ਦੇ ਪਾਣੀ ਵਿੱਚ ਫੈਕਟਰੀਆਂ ਅਤੇ ਸ਼ਹਿਰਾਂ ਦਾ ਗੰਦ-ਮੰਦ ਪਾਉਣ ’ਤੇ ਮੁਕੰਮਲ ਰੋਕ ਲਗਾਈ ਜਾਵੇ।
60 ਸਾਲ ਦੀ ਉਮਰ ਹੋਣ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਵੇ। ਮਨਰੇਗਾ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ। ਫਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਏਕੜ ਨੂੰ ਇਕਾਈ ਮੰਨ ਕੇ ਦਿੱਤਾ ਜਾਵੇ ਅਤੇ ਬੀਮੇ ਦਾ ਪ੍ਰੀਮੀਅਮ ਸਰਕਾਰ ਅਦਾ ਕਰੇ। ਇਹ ਵਿਚਾਰ ਚਰਚਾ ਬੜੇ ਉਸਾਰੂ ਮਾਹੌਲ ਵਿੱਚ ਹੋਈ। ਖੇਤੀਬਾੜੀ ਮੰਤਰੀ ਨੇ ਪੰਜਾਬ ਸਰਕਾਰ ਦੀ ਖੇਤੀ ਨੀਤੀ ਬਣਾਉਣ ਸਮੇਂ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ ਦਾ ਯਕੀਨ ਦਿਵਾਇਆ। ਇਸ ਸਮੇਂ ਸੂਬਾ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਤੋਂ ਇਲਾਵਾ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।





