27.8 C
Jalandhar
Wednesday, April 24, 2024
spot_img

ਠਾਕਰੇ ਸਰਕਾਰ ਸੰਕਟ ‘ਚ, 21 ਵਿਧਾਇਕ ਗੁਜਰਾਤ ਪੁੱਜੇ

ਮੁੰਬਈ : ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਚੋਣਾਂ ਵਿਚ ਸੱਤਾਧਾਰੀ ਮਹਾਂ ਵਿਕਾਸ ਅਗਾੜੀ ਨੂੰ ਸੋਮਵਾਰ ਝਟਕਾ ਲੱਗਣ ਤੋਂ ਬਾਅਦ ਮਹਾਰਾਸ਼ਟਰ ਦੇ ਮੰਤਰੀ ਏਕਨਾਥ ਸ਼ਿੰਦੇ ਪੰਜ ਮੰਤਰੀਆਂ ਅਤੇ ਸ਼ਿਵ ਸੈਨਾ ਦੇ 15 ਵਿਧਾਇਕਾਂ ਨਾਲ ਗੁਜਰਾਤ ਦੇ ਸੂਰਤ ਸ਼ਹਿਰ ਦੇ ਹੋਟਲ ‘ਚ ਪੁੱਜ ਗਏ | ਇਸ ਨਾਲ ਊਧਵ ਠਾਕਰੇ ਸਰਕਾਰ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ | ਭਾਜਪਾ ਨੇ ਸੋਮਵਾਰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ 10 ਸੀਟਾਂ ਵਿਚੋਂ ਪੰਜ ਸੀਟਾਂ ਜਿੱਤ ਲਈਆਂ ਸਨ | ਸ਼ਿਵ ਸੈਨਾ ਅਤੇ ਐੱਨ ਸੀ ਪੀ ਨੂੰ ਦੋ-ਦੋ ਸੀਟਾਂ ਮਿਲੀਆਂ, ਜਦੋਂਕਿ ਕਾਂਗਰਸ ਨੂੰ ਇੱਕ ਸੀਟ ਨਾਲ ਸਬਰ ਕਰਨਾ ਪਿਆ | ਕਰਾਸ ਵੋਟਿੰਗ ਕਾਰਨ ਭਾਜਪਾ ਪੰਜਵੀਂ ਸੀਟ ਲੈ ਗਈ | ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਠਾਕਰੇ ਨੇ ਸ਼ਿੰਦੇ ਨੂੰ ਝਾੜਿਆ ਸੀ | ਸ਼ਿੰਦੇ ਨੂੰ ਸ਼ਿਵ ਸੈਨਾ ਨੇ ਅਸੰਬਲੀ ਵਿਚ ਗਰੁੱਪ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ | ਗੁਜਰਾਤ ਵਿਚ ਭਾਜਪਾ ਦੀ ਸਰਕਾਰ ਹੈ, ਜਿਸ ਦੇ ਮਹਾਰਾਸ਼ਟਰ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਠਾਕਰੇ ਸਰਕਾਰ ਡੇਗਣ ਲਈ ਸਰਗਰਮ ਹਨ | ਦਿੱਲੀ ਵਿਚ ਵੀ ਕੇਂਦਰੀ ਭਾਜਪਾ ਆਗੂ ਸਰਗਰਮ ਸਨ | ਇਸੇ ਦੌਰਾਨ ਐੱਨ ਸੀ ਪੀ ਆਗੂ ਸ਼ਰਦ ਪਵਾਰ ਨੇ ਕਿਹਾ ਹੈ ਕਿ ਉਨ੍ਹਾ ਦਾ ਠਾਕਰੇ ਵਿਚ ਪੂਰਾ ਭਰੋਸਾ ਹੈ ਤੇ ਯਕੀਨ ਹੈ ਕਿ ਉਹ ਸੰਕਟ ਦਾ ਹੱਲ ਕੱਢ ਲੈਣਗੇ | ਸ਼ਿੰਦੇ ਨੇ ਖੁਦ ਨੂੰ ਬਾਲਾ ਸਾਹਿਬ ਦਾ ਪੈਰੋਕਾਰ ਦੱਸਦਿਆਂ ਠਾਕਰੇ ਨੂੰ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਸਲਾਹ ਦਿੱਤੀ ਹੈ | ਉਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਫੜਨਵੀਸ ਬਣਨ ਤੇ ਉਸ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇ | ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਘਟਨਾਕ੍ਰਮ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਅਪ੍ਰੇਸ਼ਨ ਕਮਲ ਮਹਾਰਾਸ਼ਟਰ ਵਿਚ ਕਾਮਯਾਬ ਨਹੀਂ ਹੋਵੇਗਾ | ਮਹਾਰਾਸ਼ਟਰ ਅਸੰਬਲੀ 288 ਮੈਂਬਰਾਂ ਦੀ ਹੈ | ਇਕ ਦੀ ਮੌਤ ਹੋਣ ਕਾਰਨ ਹੁਣ ਕੁਲ 287 ਵਿਧਾਇਕ ਹਨ | ਬਹੁਮਤ ਲਈ 144 ਵੋਟਾਂ ਦੀ ਲੋੜ ਹੈ | ਮਹਾਂ ਵਿਕਾਸ ਅਗਾੜੀ, ਜਿਸ ਵਿਚ ਸ਼ਿਵ ਸੈਨਾ, ਕਾਂਗਰਸ ਤੇ ਐੱਨ ਸੀ ਪੀ ਹਨ, ਦੇ 152 ਵਿਧਾਇਕ ਹਨ | ਸ਼ਿਵ ਸੈਨਾ ਦੇ 55 ਵਿਧਾਇਕ ਹਨ, ਜਿਨ੍ਹਾਂ ਵਿਚੋਂ 20 ਸੂਰਤ ਚਲੇ ਗਏ ਹਨ |
ਇਨ੍ਹਾਂ ਨੇ ਅਸਤੀਫੇ ਦੇ ਦਿੱਤੇ ਤਾਂ ਗਿਣਤੀ 34 ਰਹਿ ਜਾਵੇਗੀ | ਇਨ੍ਹਾਂ ਦੇ ਅਸੰਬਲੀ ਤੋਂ ਅਸਤੀਫੇ ਦੇਣ ਨਾਲ ਸਰਕਾਰ ਬਣਾਉਣ ਲਈ 133 ਵਿਧਾਇਕਾਂ ਦੀ ਲੋੜ ਹੋਵੇਗੀ | ਭਾਜਪਾ ਇਸ ਵੇਲੇ 135 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕਰ ਰਹੀ ਹੈ | ਕਰਨਾਟਕ ਤੇ ਮੱਧ ਪ੍ਰਦੇਸ਼ ਵਿਚ ਵੀ ਭਾਜਪਾ ਨੇ ਹੁਕਮਰਾਨ ਵਿਧਾਇਕਾਂ ਦੇ ਅਸਤੀਫੇ ਦਿਵਾ ਕੇ ਸੱਤਾ ‘ਤੇ ਕਬਜ਼ਾ ਕੀਤਾ ਸੀ |

Related Articles

LEAVE A REPLY

Please enter your comment!
Please enter your name here

Latest Articles