ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਵੱਲੋਂ 85 ਸਾਲਾ ਯਸ਼ਵੰਤ ਸਿਨਹਾ ਨੂੰ ਸਾਂਝਾ ਉਮੀਦਵਾਰ ਐਲਾਨਣ ਦੇ ਨਾਲ ਹੀ ਸਾਫ ਹੋ ਗਿਆ ਕਿ 18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਲਈ ਮੁਕਾਬਲਾ ਹੋਵੇਗਾ | 13 ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸਿਨਹਾ ਦੇ ਨਾਂਅ ਦਾ ਐਲਾਨ ਕੀਤਾ | ਮੀਟਿੰਗ ਵਿਚ ਕਾਂਗਰਸ, ਐੱਨ ਸੀ ਪੀ, ਟੀ ਐੱਮ ਸੀ, ਸੀ ਪੀ ਆਈ (ਐੱਮ), ਸੀ ਪੀ ਆਈ, ਆਰ ਐੱਸ ਪੀ, ਐੱਸ ਪੀ, ਐੱਨ ਸੀ, ਏ ਆਈ ਐੱਮ ਆਈ ਐੱਮ, ਆਰ ਜੇ ਡੀ, ਸੀ ਪੀ ਆਈ (ਐੱਮ ਐੱਲ) ਏ ਆਈ ਯੂ ਡੀ ਐੱਫ ਤੇ ਡੀ ਐੱਮ ਕੇ ਦੇ ਆਗੂਆਂ ਨੇ ਹਿੱਸਾ ਲਿਆ | ਸ਼ਰਦ ਪਵਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀ ਆਰ ਐੱਸ ਦੇ ਪ੍ਰਧਾਨ ਕੇ ਚੰਦਰਸ਼ੇਖਰ ਨਾਲ ਉਨ੍ਹਾ ਦੀ ਗੱਲ ਹੋਈ ਹੈ ਤੇ ਉਹ ਵੀ ਸਿਨਹਾ ਦੀ ਹਮਾਇਤ ਕਰਨਗੇ | ਬੀ ਜੇ ਡੀ, ਵਾਈ ਐੱਸ ਆਰ ਸੀ ਪੀ ਤੇ ਬਸਪਾ ਨੇ ਸਟੈਂਡ ਕਲੀਅਰ ਨਹੀਂ ਕੀਤਾ | ਪਵਾਰ ਨੇ ਕਿਹਾ ਕਿ ਉਨ੍ਹਾ ਦੀ ਇਨ੍ਹਾਂ ਦੇ ਆਗੂਆਂ ਨਾਲ ਗੱਲ ਨਹੀਂ ਹੋ ਸਕੀ, ਪਰ ਉਹ ਗੱਲ ਕਰਕੇ ਉਨ੍ਹਾਂ ਦੀ ਹਮਾਇਤ ਹਾਸਲ ਕਰਨਗੇ |
ਭਾਜਪਾ ਦੀ ਸੰਸਦੀ ਬੋਰਡ ਦੀ ਮੀਟਿੰਗ ਤੋਂ ਪਹਿਲਾਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਪ੍ਰਧਾਨ ਜੇ ਪੀ ਨੱਢਾ ਵੱਲੋਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਨਾਇਡੂ ਹੀ ਐੱਨ ਡੀ ਏ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ |
ਇਸ ਤੋਂ ਪਹਿਲਾਂ ਸਿਨਹਾ ਨੇ ਪਾਰਟੀ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਹੁਣ ਵਿਰੋਧੀ ਧਿਰ ਦੀ ਏਕਤਾ ਦੇ ਵਿਆਪਕ ਰਾਸ਼ਟਰੀ ਉਦੇਸ਼ ਲਈ ਕੰਮ ਕਰਨਗੇ | ਕਈ ਦਿਨਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਤਿ੍ਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਰਾਸ਼ਟਰਪਤੀ ਚੋਣਾਂ ਵਿਚ ਸਾਬਕਾ ਕੇਂਦਰੀ ਮੰਤਰੀ ਸਿਨਹਾ ਦਾ ਨਾਂਅ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਪੇਸ਼ ਕਰਨਗੇ | ਸਿਨਹਾ ਨੇ ਟਵੀਟ ਕੀਤਾ—ਤਿ੍ਣਮੂਲ ਕਾਂਗਰਸ ਵੱਲੋਂ ਮੈਨੂੰ ਦਿੱਤੇ ਸਨਮਾਨ ਲਈ ਮੈਂ ਮਮਤਾ ਜੀ ਦਾ ਧੰਨਵਾਦੀ ਹਾਂ | ਹੁਣ ਸਮਾਂ ਆ ਗਿਆ ਹੈ, ਜਦੋਂ ਵਿਰੋਧੀ ਧਿਰ ਦੀ ਏਕਤਾ ਦੇ ਵਿਆਪਕ ਰਾਸ਼ਟਰੀ ਉਦੇਸ਼ ਲਈ ਮੈਨੂੰ ਪਾਰਟੀ ਤੋਂ ਵੱਖ ਹੋਣਾ ਪਵੇਗਾ | ਮੈਨੂੰ ਯਕੀਨ ਹੈ ਕਿ ਉਹ (ਮਮਤਾ) ਇਸ ਦੀ ਇਜਾਜ਼ਤ ਦੇਣਗੇ |
ਬਿਹਾਰ ਦੇ ਉੱਘੇ ਵਕੀਲ ਬਿਪਿਨ ਬਿਹਾਰੀ ਸ਼ਰਨ ਦੇ ਘਰ ਪੈਦਾ ਹੋਏ ਸਿਨਹਾ ਨੇ 1958 ਵਿਚ ਪੁਲੀਟੀਕਲ ਸਾਇੰਸ ਦੀ ਮਾਸਟਰ ਡਿਗਰੀ ਲਈ ਤੇ ਫਿਰ ਆਈ ਏ ਐੱਸ ਬਣਨ ਤੋਂ ਪਹਿਲਾਂ 1958 ਤੋਂ 1960 ਤਕ ਪਟਨਾ ਯੂਨੀਵਰਸਿਟੀ ਵਿਚ ਪੜ੍ਹਾਇਆ | ਉਹ ਕੇਂਦਰ ਵਿਚ ਸਰਫੇਸ ਟਰਾਂਸਪੋਰਟ ਦੇ ਜਾਇੰਟ ਸੈਕਟਰੀ ਸਨ, ਜਦੋਂ ਨੌਕਰੀ ਛੱਡ ਦਿੱਤੀ |
ਜਨਤਾ ਪਾਰਟੀ ਵਿਚ ਸ਼ਾਮਲ ਹੋ ਕੇ ਚੰਦਰ ਸ਼ੇਖਰ ਦੀ ਸਰਕਾਰ ਵਿਚ ਨਵੰਬਰ 1990 ਤੋਂ ਜੂਨ 1991 ਤੱਕ ਵਿੱਤ ਮੰਤਰੀ ਰਹੇ | ਫਿਰ ਉਹ ਐੱਲ ਕੇ ਅਡਵਾਨੀ ਦੇ ਕਹਿਣ ‘ਤੇ 1993 ‘ਚ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਵਾਜਪਾਈ ਸਰਕਾਰ ਵਿਚ 1999 ਤੋਂ 2004 ਤੱਕ ਵਿੱਤ ਮੰਤਰੀ ਤੇ ਵਿਦੇਸ਼ ਮੰਤਰੀ ਰਹੇ | ਮੋਦੀ ਸਰਕਾਰ ਬਣਨ ਤੋਂ ਬਾਅਦ 2018 ਵਿਚ ਭਾਜਪਾ ਛੱਡ ਗਏ |