ਪਟਨਾ : 17 ਆਪੋਜ਼ੀਸ਼ਨ ਪਾਰਟੀਆਂ ਨੇ ਸ਼ੁੱਕਰਵਾਰ ਭਾਜਪਾ ਨੂੰ ਹਰਾਉਣ ਲਈ 2024 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਫੈਸਲਾ ਕੀਤਾ | ਇਸ ਲਈ ਉਹ ਮਤਭੇਦ ਭੁਲਾ ਕੇ ਚੱਲਣ ਲਈ ਰਾਜ਼ੀ ਹੋਈਆਂ |
ਚਾਰ ਘੰਟਿਆਂ ਦੀ ਬੈਠਕ ਤੋਂ ਬਾਅਦ ਮੇਜ਼ਬਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਅਗਲੀ ਬੈਠਕ ਕੁਝ ਦਿਨਾਂ ਬਾਅਦ ਸ਼ਿਮਲਾ ਵਿਚ ਹੋਵੇਗੀ, ਜਿਸ ਵਿਚ ਰਲ ਕੇ ਲੜਨ ਦੀ ਯੋਜਨਾ ਨੂੰ ਅੰਤਮ ਸ਼ਕਲ ਦਿੱਤੀ ਜਾਵੇਗੀ | ਨਿਤੀਸ਼ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ—ਵਧੀਆ ਬੈਠਕ ਹੋਈ ਤੇ ਕਈ ਆਗੂਆਂ ਨੇ ਵਿਚਾਰ ਪ੍ਰਗਟਾਏ | 17 ਪਾਰਟੀਆਂ ਨੇ ਚੋਣਾਂ ਮਿਲ ਕੇ ਲੜਨ ਲਈ ਕੰਮ ਕਰਨ ਦਾ ਫੈਸਲਾ ਕੀਤਾ | ਅਸੀਂ ਕੌਮੀ ਹਿੱਤਾਂ ਵਿਚ ਕੰਮ ਕਰ ਰਹੇ ਹਾਂ ਤੇ ਭਾਜਪਾ ਕੌਮੀ ਹਿੱਤਾਂ ਵਿਰੁੱਧ ਕੰਮ ਕਰਕੇ ਦੇਸ਼ ਦਾ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ |
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਲਾਨਿਆ—ਅਗਲੀ ਬੈਠਕ 10-12 ਜੁਲਾਈ ਨੂੰ ਸ਼ਿਮਲਾ ‘ਚ ਹੋਵੇਗੀ | ਅਸੀਂ ਸਾਂਝਾ ਏਜੰਡਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਤੇ ਅਗਲੀ ਬੈਠਕ ਵਿਚ ਫੈਸਲੇ ਕਰਾਂਗੇ ਕਿ ਅੱਗੇ ਕਿਵੇਂ ਵਧਣਾ ਹੈ | ਹਰੇਕ ਰਾਜ ਲਈ ਵੱਖਰੀ ਯੋਜਨਾ ਬਣਾਵਾਂਗੇ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਨੂੰ ਲਾਹੁਣ ਲਈ ਮਿਲ ਕੇ ਚੱਲਾਂਗੇ |
ਰਾਹੁਲ ਗਾਂਧੀ ਨੇ ਕਿਹਾ—ਕੁਝ ਮਤਭੇਦਾਂ ਦੇ ਬਾਵਜੂਦ ਅਸੀਂ ਲਚਕ ਦਿਖਾਉਂਦਿਆਂ ਮਿਲ ਕੇ ਚੱਲਣ ਦਾ ਫੈਸਲਾ ਕੀਤਾ ਹੈ ਤੇ ਆਪਣੀ ਵਿਚਾਰਧਾਰਾ ਦੀ ਰਾਖੀ ਕਰਾਂਗੇ |
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ—ਪਟਨਾ ਵਿਚ ਪਹਿਲੀ ਬੈਠਕ ਇਸ ਕਰਕੇ ਕੀਤੀ ਗਈ, ਕਿਉਂਕਿ ਪਟਨਾ ਤੋਂ ਜੋ ਸ਼ੁਰੂਆਤ ਹੁੰਦੀ ਹੈ, ਉਹ ਜਨਤਕ ਲਹਿਰ ਦੀ ਸ਼ਕਲ ਲੈਂਦੀ ਹੈ | ਅਸੀਂ ਸਭ ਇਕੱਠੇ ਹਾਂ ਤੇ ਭਾਜਪਾ ਵਿਰੁੱਧ ਮਿਲ ਕੇ ਲੜਾਂਗੇ | ਭਾਜਪਾ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ ਤੇ ਅਸੀਂ ਇਤਿਹਾਸ ਦੀ ਰਾਖੀ ਕਰਾਂਗੇ | ਅਸੀਂ ਸਿਰਫ ਵਿਰੋਧੀ ਪਾਰਟੀਆਂ ਹੀ ਨਹੀਂ, ਸਗੋਂ ਦੇਸ਼ ਦੇ ਨਾਗਰਿਕ ਵੀ ਹਾਂ, ਜਿਹੜੇ ਭਾਰਤ ਮਾਤਾ ਨੂੰ ਪਿਆਰ ਕਰਦੇ ਹਨ | ਬੈਠਕ ਵਿਚ ਇਹ ਆਗੂ ਸ਼ਾਮਲ ਹੋਏ : ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਡੀ ਐੱਮ ਕੇ ਦੇ ਆਗੂ ਐੱਮ ਕੇ ਸਟਾਲਿਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀ ਐੱਮ ਸੀ ਆਗੂ ਮਮਤਾ ਬੈਨਰਜੀ, ਉਨ੍ਹਾ ਦੇ ਭਤੀਜੇ ਅਭਿਸ਼ੇਕ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਘਵ ਚੱਢਾ, ਸੰਜੇ ਸਿੰਘ, ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸੀ ਪੀ ਆਈ (ਐੱਮ ਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ, ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਐੱਨ ਸੀ ਪੀ ਦੇ ਪ੍ਰਧਾਨ ਸ਼ਰਦ ਪਵਾਰ, ਸਪਾ ਪ੍ਰਧਾਨ ਅਖਿਲੇਸ਼ ਯਾਦਵ, ਸ਼ਿਵ ਸੈਨਾ (ਯੂ ਬੀ ਟੀ) ਪ੍ਰਧਾਨ ਊਧਵ ਠਾਕਰੇ, ਆਦਿਤਿਆ ਠਾਕਰੇ, ਸੰਜੇ ਰਾਊਤ, ਝਾਰਖੰਡ ਦੇ ਮੁੱਖ ਮੰਤਰੀ ਤੇ ਜੇ ਐੱਮ ਐੱਮ ਆਗੂ ਹੇਮੰਤ ਸੋਰੇਨ, ਬਿਹਾਰ ਦੇ ਮੁੱਖ ਮੰਤਰੀ ਤੇ ਜੇ ਡੀ ਯੂ ਆਗੂ ਨਿਤੀਸ਼ ਕੁਮਾਰ, ਸੰਜੇ ਝਾਅ, ਲੱਲਨ ਸਿੰਘ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ |


