ਸ਼ੁੱਕਰਵਾਰ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ 2024 ਦੀਆਂ ਲੋਕ ਸਭਾ ਚੋਣਾਂ ਲਈ ਮਹਾਂਗੱਠਜੋੜ ਬਣਾਉਣ ਲਈ ਮੀਟਿੰਗ ਹੋਈ ਹੈ | ਭਾਜਪਾ ਆਗੂਆਂ ਨੇ ਭਾਵੇਂ ਵਿਰੋਧੀ ਪਾਰਟੀਆਂ ਦੇ ਇਸ ਇਕੱਠ ਦਾ ਮਖੌਲ ਉਡਾਇਆ, ਪਰ ਭਾਜਪਾ ਅੰਦਰੋਂ ਪੂਰੀ ਤਰ੍ਹਾਂ ਕੰਬਦੀ ਦਿਖਾਈ ਦੇ ਰਹੀ ਹੈ | ਇਸੇ ਲਈ ਭਾਜਪਾ ਨੇ ਫੈਸਲਾ ਕਰ ਲਿਆ ਹੈ ਕਿ ਉਹ ਸਿਰ ਉੱਤੇ ਆ ਰਹੀਆਂ ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਅੱਗੇ ਕਰਕੇ ਨਹੀਂ ਲੜੇਗੀ |
2014 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਕਰਨਾਟਕ ਦੀ ਪਿੱਛੇ ਜਿਹੇ ਹੋਈ ਵਿਧਾਨ ਸਭਾ ਚੋਣ ਤੱਕ ਦੇਸ਼ ਵਿੱਚ ਇੱਕ ਵੀ ਅਜਿਹੀ ਚੋਣ ਨਹੀਂ ਹੋਈ, ਜਿਹੜੀ ਭਾਜਪਾ ਵੱਲੋਂ ਮੋਦੀ ਦੇ ਨਾਂਅ ‘ਤੇ ਨਾ ਲੜੀ ਗਈ ਹੋਵੇ | ਵਿਧਾਨ ਸਭਾਵਾਂ, ਵਿਧਾਨ ਪ੍ਰੀਸ਼ਦਾਂ, ਜ਼ਿਲ੍ਹਾ ਪੰਚਾਇਤਾਂ, ਬਲਾਕ ਪੰਚਾਇਤਾਂ ਤੇ ਇਥੋਂ ਤੱਕ ਕਿ ਗ੍ਰਾਮ ਪ੍ਰਧਾਨ ਤੱਕ ਦੀਆਂ ਚੋਣਾਂ ਵੀ ਮੋਦੀ ਦਾ ਚਿਹਰਾ ਅੱਗੇ ਰੱਖ ਕੇ ਲੜੀਆਂ ਜਾਂਦੀਆਂ ਰਹੀਆਂ ਹਨ |
ਭਾਜਪਾ ਆਗੂ ਅਰੁਣ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਜਪਾ ਇਸ ਵਾਰ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਨੀਪੁਰ ਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਲੋਕਲ ਮੁੱਦਿਆਂ ਉੱਤੇ ਸਥਾਨਕ ਆਗੂਆਂ ਨੂੰ ਅੱਗੇ ਕਰਕੇ ਲੜੇਗੀ | ਭਾਵੇਂ ਉਨ੍ਹਾ ਖੁੱਲ੍ਹ ਕੇ ਮੋਦੀ ਦਾ ਨਾਂਅ ਨਹੀਂ ਲਿਆ, ਪਰ ਇਸ਼ਾਰਾ ਕਰ ਦਿੱਤਾ ਹੈ ਕਿ ਪੰਜ ਰਾਜਾਂ ਦੀਆਂ ਇਹ ਚੋਣਾਂ ਮੋਦੀ ਦੇ ਨਾਂਅ ‘ਤੇ ਨਹੀਂ ਲੜੀਆਂ ਜਾਣਗੀਆਂ |
ਆਖਰਕਾਰ ਮੋਦੀ ਰਾਜ ਦੇ ਪਿਛਲੇ 9 ਸਾਲਾਂ ਵਿੱਚ ਅਜਿਹਾ ਕੀ ਵਾਪਰ ਗਿਆ ਕਿ ਮੋਦੀ ਨੂੰ ਸਭ ਦੁੱਖਾਂ ਦਾ ਦਾਰੂ ਬਣਾ ਕੇ ਪੇਸ਼ ਕਰਨ ਵਾਲੀ ਭਾਜਪਾ ਮੋਦੀ ਦੇ ਨਾਂਅ ‘ਤੇ ਹੁਣ ਚੋਣ ਲੜਨਾ ਨਹੀਂ ਚਾਹੁੰਦੀ | ਅੰਦਰੂਨੀ ਜਾਣਕਾਰੀ ਰੱਖਣ ਵਾਲਿਆਂ ਅਨੁਸਾਰ ਭਾਜਪਾ ਦੀ ਜਣਨੀ ਸੰਘ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਮੋਦੀ ਦੀ ਅਗਵਾਈ ਕਾਰਨ ਭਾਜਪਾ ਦਾ ਲੋਕਾਂ ਵਿੱਚ ਗ੍ਰਾਫ਼ ਲਗਾਤਾਰ ਡਿੱਗਿਆ ਹੈ |
ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਜਿਹੜੇ ਲੋਕ ਭਰਮਾਊ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ | ਬੇਰੁਜ਼ਗਾਰੀ ਤੇ ਮਹਿੰਗਾਈ ਨੇ ਲੋਕਾਂ ਨੂੰ ਭਾਜਪਾ ਤੋਂ ਬੇਮੁਖ ਕਰ ਦਿੱਤਾ ਹੈ | ਸੰਘ ਨੂੰ ਇਹ ਸਮਝ ਪੈ ਗਈ ਹੈ ਕਿ ਮੀਡੀਆ ਖਰੀਦ ਕੇ ਵਿਕਾਸ ਦੇ ਝੂਠੇ ਦਾਅਵਿਆਂ ਦਾ ਸੱਚ ਹੁਣ ਲੋਕਾਂ ਸਾਹਮਣੇ ਉੱਘੜ ਕੇ ਆ ਚੁੱਕਾ ਹੈ | ਲੋਕਾਂ ਸਾਹਮਣੇ ਵਿਕਾਸ ਦਾ ਪੈਮਾਨਾ ਜੀ ਡੀ ਪੀ ਨਹੀਂ, ਉਨ੍ਹਾਂ ਦੀ ਖੁਦ ਦੀ ਆਰਥਕਤਾ ਹੈ, ਜਿਸ ਦੀ ਹਕੀਕਤ ਇਹ ਹੈ ਕਿ ਕਮਾਈ ਘਟ ਗਈ ਹੈ ਤੇ ਖਰਚਾ ਵਧ ਗਿਆ ਹੈ | ਜਾਤੀ ਤੇ ਧਰਮ ਦੀਆਂ ਲੜਾਈਆਂ ਕਾਰਨ ਆਰਥਕ ਸਥਿਤੀ ਕਮਜ਼ੋਰ ਹੋ ਗਈ ਹੈ | ਨਫ਼ਰਤੀ ਮਾਹੌਲ ਕਾਰਨ ਵਿਦੇਸ਼ੀ ਨਿਵੇਸ਼ਕ ਆਪਣੇ ਹੱਥ ਪਿੱਛੇ ਖਿੱਚ ਰਹੇ ਹਨ | ਇਹ ਸਾਰਾ ਸੱਚ ਦੇਸ਼ ਦੇ ਸਾਹਮਣੇ ਹੈ, ਕਿਸੇ ਅੰਕੜਿਆਂ ਦੀ ਜ਼ਰੂਰਤ ਨਹੀਂ | ਭਾਜਪਾ ਦੀ ਚਿੰਤਨ ਬੈਠਕ ਵਿੱਚ ਖੁੱਲ੍ਹ ਕੇ ਵਿਚਾਰਾਂ ਹੋਣ ਤੋਂ ਬਾਅਦ ਪਾਰਟੀ ਇਸ ਸਿੱਟੇ ਉੱਤੇ ਪੁੱਜੀ ਹੈ ਕਿ ਅਗਲੀਆਂ ਚੋਣਾਂ ਸਮੂਹਿਕ ਲੀਡਰਸ਼ਿਪ ਦੇ ਨਾਂਅ ਉੱਤੇ ਲੜੀਆਂ ਜਾਣ |
ਪਹਿਲਾਂ ਸਿਰਫ਼ ਵਿਰੋਧੀ ਪਾਰਟੀਆਂ ਤੇ ਜਮਹੂਰੀਅਤਪਸੰਦ ਲੋਕ ਹੀ ਮੋਦੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਸਨ, ਹੁਣ ਭਾਜਪਾ ਦੇ ਅੰਦਰ ਵੀ ਮੋਦੀ ਵਿਰੁੱਧ ਘੁਸਰ-ਮੁਸਰ ਸ਼ੁਰੂ ਹੋ ਚੁੱਕੀ ਹੈ | ਭਾਜਪਾ ਵਿੱਚ ਤਾਕਤਵਰ ਰਹੇ ਆਗੂ, ਜਿਨ੍ਹਾਂ ਦਾ ਕੱਦ ਮੋਦੀ ਨੇ ਬੌਣਾ ਕਰ ਦਿੱਤਾ ਸੀ, ਹੁਣ ਪਾਰਟੀ ਅੰਦਰ ਬੋਲਣ ਲੱਗੇ ਹਨ | ਉਹ ਸੰਘ ਨੂੰ ਸਮਝਾ ਰਹੇ ਹਨ ਕਿ ਮੋਦੀ ਦੀ ਅਗਵਾਈ ਵਿੱਚ ਦੇਸ਼ ਹਰ ਖੇਤਰ ਵਿੱਚ ਅਸਫ਼ਲਤਾ ਵੱਲ ਵਧ ਰਿਹਾ ਹੈ | ਇਸ ਵਰਤਾਰੇ ਦਾ ਕੀ ਸਿੱਟਾ ਨਿਕਲਦਾ ਹੈ, ਇਸ ਦਾ ਨਤੀਜਾ ਦਸੰਬਰ ਵਿੱਚ ਆ ਰਹੀਆਂ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਸਾਹਮਣੇ ਆ ਜਾਵੇਗਾ |
-ਚੰਦ ਫਤਿਹਪੁਰੀ



