ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਦੋਂ ਤੋਂ ਭਾਜਪਾ ਨੇ ਸੱਤਾ ਸੰਭਾਲੀ ਹੈ, ਇਸ ਨੇ ਦੇਸ਼ ਦੀਆਂ ਸਭ ਲੋਕਤੰਤਰੀ ਸੰਸਥਾਵਾਂ ਦਾ ਸਿਆਸੀਕਰਨ ਕਰ ਦਿੱਤਾ ਹੈ | ਪੁਲਸ, ਪ੍ਰਸ਼ਾਸਨ ਤੇ ਮੀਡੀਆ ਤੋਂ ਬਾਅਦ ਇਸ ਨੇ ਭਾਰਤੀ ਫੌਜ ਨੂੰ ਵੀ ਆਪਣੇ ਸਿਆਸੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ | ਦੇਸ਼ ਦੀ ਫੌਜ ‘ਤੇ ਸਮੁੱਚੇ ਦੇਸ਼ ਵਾਸੀ ਗੌਰਵ ਕਰਦੇ ਹਨ | ਇਹ ਵਿਵਸਥਾ ਦਾ ਤਾਂ ਅੰਗ ਹੁੰਦੀ ਹੈ, ਪਰ ਕਿਸੇ ਇੱਕ ਪਾਰਟੀ ਦੀ ਪਿਛਲੱਗ ਨਹੀਂ ਹੁੰਦੀ | ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੇ ਆਪਣੇ ਸਿਆਸੀ ਲਾਹੇ ਲਈ ਫੌਜ ਦੇ ਨਾਂਅ ਦੀ ਦੁਰਵਰਤੋਂ ਦਾ ਕੋਈ ਵੀ ਮੌਕਾ ਨਹੀਂ ਜਾਣ ਦਿੱਤਾ | ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਇਸ ਨੇ ਫੌਜ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਨੂੰ ਆਪਣੇ ਚੋਣ ਪ੍ਰਚਾਰ ਵਿੱਚ ਜ਼ੋਰ-ਸ਼ੋਰ ਨਾਲ ਵਰਤਿਆ | ਇਥੋਂ ਤੱਕ ਕਿ ਇਸ ਦੇ ਕੁਝ ਆਗੂਆਂ ਨੇ ਸੈਨਾ ਨੂੰ ਭਾਰਤੀ ਫੌਜ ਕਹਿਣ ਦੀ ਥਾਂ ਮੋਦੀ ਦੀ ਸੈਨਾ ਤੱਕ ਕਿਹਾ |
ਹੁਣ ਜਦੋਂ ਕੇਂਦਰੀ ਰੱਖਿਆ ਮੰਤਰੀ ਨੇ ‘ਅਗਨੀਪੱਥ ਯੋਜਨਾ’ ਦਾ ਐਲਾਨ ਕੀਤਾ ਤੇ ਇਸ ਪਿੱਛੋਂ ਸਾਰੇ ਦੇਸ਼ ਦੇ ਨੌਜਵਾਨਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਤਾਂ ਹਾਕਮਾਂ ਨੇ ਫੌਜ ਦੇ ਜਰਨੈਲਾਂ ਨੂੰ ਅੱਗੇ ਕਰ ਦਿੱਤਾ | ਇਸ ਮੌਕੇ ਉੱਤੇ ਲੈਫਟੀਨੈਟ ਜਨਰਲ ਅਨਿਲ ਪੁਰੀ, ਏਅਰ ਮਾਰਸ਼ਲ ਐੱਸ ਕੇ ਝਾਅ ਤੇ ਵਾਈਸ ਐਡਮਿਰਲ ਦਿਨੇਸ਼ ਤਿ੍ਪਾਠੀ ਨੇ ਮੋਰਚਾ ਸੰਭਾਲਦਿਆਂ ਅਗਨੀਪੱਥ ਦੇ ਬਚਾਅ ਵਿੱਚ ਉਹ ਤੱਥ ਪੇਸ਼ ਕੀਤੇ, ਜਿਹੜੇ ਰੱਖਿਆ ਮੰਤਰੀ ਰਾਜਨਾਥ ਨੂੰ ਪੇਸ਼ ਕਰਨੇ ਚਾਹੀਦੇ ਸਨ | ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ਅਗਨੀਪੱਥ ਯੋਜਨਾ ਬਾਰੇ ਲੰਮੇ ਸਮੇਂ ਤੋਂ ਤਿਆਰੀ ਚੱਲ ਰਹੀ ਸੀ, ਤਾਂ ਕਿ ਫੌਜ ਵਿੱਚ ਸ਼ਾਮਲ ਵਿਅਕਤੀਆਂ ਦੀ ਔਸਤ ਉਮਰ ਘੱਟ ਕੀਤੀ ਜਾ ਸਕੇ | ਜੇਕਰ ਉਨ੍ਹਾ ਦੀ ਇਸ ਗੱਲ ਨੂੰ ਸੱਚ ਮੰਨ ਲਿਆ ਜਾਵੇ ਤਾਂ ਸਵਾਲ ਇਹ ਉਠਦਾ ਹੈ ਕਿ ਫਿਰ 2021 ਵਿੱਚ ਭਰਤੀ ਕੈਂਪ ਲਾ ਕੇ ਨੌਜਵਾਨਾਂ ਦੇ ਫਿਜ਼ੀਕਲ ਟੈਸਟ ਕਿਉਂ ਲਏ ਗਏ ਸਨ | ਕੀ ਇਹ ਫੌਜ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਨਾਲ ਕੋਝਾ ਮਜ਼ਾਕ ਨਹੀਂ ਸੀ | ਸੰਵਿਧਾਨ ਵਿੱਚ ਸੈਨਾਵਾਂ ਨੂੰ ਇੱਕ ਹੱਦ ਤੱਕ ਖੁਦਮੁਖਤਿਆਰੀ ਹਾਸਲ ਹੁੰਦੀ ਹੈ | ਇਸ ਪ੍ਰੈੱਸ ਕਾਨਫਰੰਸ ਰਾਹੀਂ ਜਨਰਲਾਂ ਨੇ ਇਸ ਖੁਦਮੁਖਤਿਆਰੀ ਨੂੰ ਢਾਹ ਲਾਈ ਹੈ |
ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਭਾਜਪਾ ‘ਤੇ ਲੱਗ ਰਹੇ ਇਸ ਦੋਸ਼ ਦਾ ਕਿ ਉਸ ਨੇ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਇਹ ਯੋਜਨਾ ਲਿਆਂਦੀ ਹੈ, ਦਾ ਵੀ ਆਪਣੇ ਤਰੀਕੇ ਨਾਲ ਬਚਾਅ ਕੀਤਾ | ਉਨ੍ਹਾ ਕਿਹਾ ਕਿ ਦੋ ਬਿਆਨ ਦਿੱਤੇ ਗਏ ਸਨ, ਇੱਕ ਵੱਖ-ਵੱਖ ਕੇਂਦਰੀ ਵਿਭਾਗਾਂ ‘ਚ 10 ਲੱਖ ਖਾਲੀ ਅਸਾਮੀਆਂ ਪੁਰ ਕਰਨਾ ਤੇ ਦੂਜਾ ਅਗਨੀਪੱਥ ਯੋਜਨਾ ਬਾਰੇ | ਉਨ੍ਹਾ ਕਿਹਾ ਕਿ ਅਗਲੇ ਦੋ-ਤਿੰਨ ਸਾਲਾਂ ਵਿੱਚ ਮਸਾਂ 50 ਹਜ਼ਾਰ ਅਗਨੀਵੀਰ ਭਰਤੀ ਕੀਤੇ ਜਾ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਟਰੇਨਿੰਗ ਦੇਣ ਲਈ ਸਾਜ਼ੋ-ਸਮਾਨ ਦਾ ਵੀ ਪ੍ਰਬੰਧ ਕਰਨਾ ਹੈ |
ਲੈਫਟੀਨੈਂਟ ਜਨਰਲ ਅਨਿਲ ਪੁਰੀ ਦਾ ਰਵੱਈਆ ਧਮਕੀ ਭਰਿਆ ਸੀ | ਉਨ੍ਹਾ ਕਿਹਾ ਕਿ ਇਸ ਯੋਜਨਾ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਜਿਹੜੇ ਅੰਦੋਲਨ ਕਰ ਰਹੇ ਹਨ | ਅਗਨਵੀਰ ਬਣਨ ਵਾਲੇ ਹਰ ਨੌਜਵਾਨ ਨੂੰ ਇਹ ਐਫੀਡੈਵਿਟ ਦੇਣਾ ਪਵੇਗਾ ਕਿ ਉਸ ਨੇ ਪ੍ਰਦਰਸ਼ਨਾਂ ਤੇ ਭੰਨਤੋੜ ਵਿੱਚ ਹਿੱਸਾ ਨਹੀਂ ਲਿਆ | ਇਸ ਬਾਰੇ ਪੁਲਸ ਤੋਂ ਵੀ ਵੈਰੀਫਿਕੇਸ਼ਨ ਕਰਾਇਆ ਜਾਵੇਗਾ | ਜਨਰਲ ਪੁਰੀ ਸ਼ਾਇਦ ਇਹ ਭੁੱਲ ਗਏ ਕਿ ਆਪਣੇ ਹੱਕਾਂ ਲਈ ਅੰਦੋਲਨ ਕਰਨ ਦਾ ਅਧਿਕਾਰ ਹਰ ਭਾਰਤੀ ਨੂੰ ਸੰਵਿਧਾਨ ਰਾਹੀਂ ਮਿਲਿਆ ਹੋਇਆ ਹੈ |
ਅਨਿਲ ਪੁਰੀ ਨੂੰ ਪੁਲਸ ਉੱਤੇ ਵੀ ਕੁਝ ਜ਼ਿਆਦਾ ਹੀ ਭਰੋਸਾ ਸੀ | ਉਸ ਨੇ ਕਿਹਾ ਕਿ ਅਗਨੀਪੱਥ ਯੋਜਨਾ ਵਿਰੁੱਧ ਅੰਦੋਲਨਕਾਰੀਆਂ ਨੂੰ ਕੁਝ ਕੋਚਿੰਗ ਇੰਸਟੀਚਿਊਟਾਂ ਨੇ ਭੜਕਾਇਆ ਹੈ | ਇਹੋ ਪੁਲਸ ਕਹਿੰਦੀ ਰਹੀ ਹੈ | ਜਨਰਲ ਪੁਰੀ ਨੂੰ ਇਹ ਦੱਸਣਾ ਬਣਦਾ ਸੀ ਕਿ ਉਨ੍ਹਾ ਨੂੰ ਇਸ ਦੀ ਜਾਣਕਾਰੀ ਕਿਸ ਸਾਧਨ ਤੋਂ ਮਿਲੀ | ਇਹ ਵੀ ਮੰਨਿਆ ਹੋਇਆ ਤੱਥ ਹੈ ਕਿ ਪੁਲਸ ਹਮੇਸ਼ਾ ਸਿਆਸੀ ਆਕਾਵਾਂ ਦੀ ਫਰਮਾਬਰਦਾਰ ਰਹਿੰਦੀ ਹੈ | ਉਹ ਸਿਆਸੀ ਆਗੂਆਂ ਦੇ ਕਹੇ ਝੂਠੇ ਕੇਸ ਵੀ ਬਣਾਉਂਦੀ ਹੈ, ਜਿਹੜੇ ਬਹੁਤੀ ਵਾਰ ਨਿਆਂ ਪਾਲਿਕਾ ਵਿੱਚ ਖਾਰਜ ਹੋ ਜਾਂਦੇ ਹਨ |
ਇਥੇ ਅਸੀਂ ਇੱਕ ਤਾਜ਼ਾ ਕੇਸ ਦੀ ਗੱਲ ਕਰਦੇ ਹਾਂ, ਜਿਹੜਾ ਅਗਨੀਪੱਥ ਅੰਦੋਲਨ ਨਾਲ ਜੁੜਿਆ ਹੋਇਆ ਹੈ | ਅਲੀਗੜ੍ਹ ਪੁਲਸ ਨੇ 17 ਜੂਨ ਨੂੰ ਹੋਏ ਮੁਜ਼ਾਹਰੇ ਵਿੱਚ ਸ਼ਾਮਲ ਕੁਝ ਨੌਜਵਾਨਾਂ ਉਤੇ ਕੇਸ ਦਰਜ ਕੀਤੇ ਸਨ | ਇਨ੍ਹਾਂ ਵਿੱਚ ਵਿਪਨ ਕੁਮਾਰ ਨਾਂਅ ਦਾ ਇੱਕ ਵਿਦਿਆਰਥੀ ਵੀ ਸ਼ਾਮਲ ਸੀ | ਵਿਪਨ ਕੁਮਾਰ ਵਾਰਾਨਸੀ ਸਥਿਤ ਕਾਸ਼ੀ ਹਿੰਦੂ ਯੂਨੀਵਰਸਿਟੀ ਦਾ ਬੀ ਐੱਸਸੀ ਆਨਰਜ਼ ਦਾ ਵਿਦਿਆਰਥੀ ਹੈ | ਉਹ ਪਿਛਲੇ ਦੋ ਮਹੀਨਿਆਂ ਤੋਂ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿ ਰਿਹਾ ਹੈ | ਉਸ ਦੇ ਕੋਲ ਹੋਸਟਲ ਦੇ ਮੈੱਸ ਰਜਿਸਟਰ ਵਿੱਚ ਖਾਧੇ ਖਾਣੇ ਲਈ ਕੀਤੇ ਦਸਤਾਖਤਾਂ ਦੀ ਕਾਪੀ ਹੈ | ਉਸ ਨੂੰ ਜਦੋਂ ਆਪਣੇ ਘਰਦਿਆਂ ਤੋਂ ਪਤਾ ਲੱਗਾ ਕਿ ਪੁਲਸ ਉਸ ਨੂੰ ਲੱਭ ਰਹੀ ਹੈ ਤਾਂ ਉਸ ਨੇ ਸੰਬੰਧਤ ਥਾਣੇਦਾਰ ਨੂੰ ਫੋਨ ਕਰਕੇ ਆਪਣੀ ਗੱਲ ਦੱਸੀ, ਪਰ ਥਾਣੇਦਾਰ ਨੇ ਕੁਝ ਵੀ ਸੁਣਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਰੰਡਰ ਕਰ ਦੇਵੇ | ਇਸ ਉਤੇ ਵਿਦਿਆਰਥੀ ਨੇ ਪ੍ਰੈੱਸ ਦਾ ਸਹਾਰਾ ਲਿਆ, ਤਦ ਜਾ ਕੇ ਉੱਚ ਅਧਿਕਾਰੀਆਂ ਨੇ ਪੜਤਾਲ ਕਰਨ ਦਾ ਭਰੋਸਾ ਦਿੱਤਾ |
ਇਸ ਲਈ ਜਨਰਲ ਅਨਿਲ ਪੁਰੀ ਨੂੰ ਹਾਕਮ ਭਗਤੀ ਛੱਡ ਕੇ ਆਪਣੇ ਸੰਵਿਧਾਨਕ ਫਰਜ਼ ਨਿਭਾਉਣੇ ਚਾਹੀਦੇ ਹਨ | ਹਾਕਮ ਤਾਂ ਰਾਸ਼ਟਰ ਦਾ ਹਿੰਦੂਕਰਨ ਤੇ ਹਿੰਦੂਆਂ ਦਾ ਫੌਜੀਕਰਨ ਕਰਨ ਦੇ ਰਾਹ ਪੈ ਚੁੱਕੇ ਹਨ | ਪਾਕਿਸਤਾਨ ਬਾਰੇ ਇਹ ਆਮ ਧਾਰਨਾ ਹੈ ਕਿ ਉਥੋਂ ਦਾ ਸਿਸਟਮ ਤਿੰਨ ਧਿਰਾਂ; ਅਮਰੀਕਾ, ਅੱਲਾਹ ਤੇ ਆਰਮੀ ਚਲਾ ਰਹੀਆਂ ਹਨ | ਸਾਡੇ ਹਾਕਮ ਉਸੇ ਦਿਸ਼ਾ ਵਿੱਚ ਵਧ ਰਹੇ ਹਨ |
-ਚੰਦ ਫਤਿਹਪੁਰੀ