ਇੰਫਾਲ : ਇੰਫਾਲ ਪੂਰਬੀ ਜ਼ਿਲ੍ਹੇ ਦੇ ਚਿੰਗਰੇਲ ਵਿਖੇ ਮਨੀਪੁਰ ਦੇ ਮੰਤਰੀ ਐੱਲ ਸੁਸਿੰਦਰੋ ਦੇ ਨਿੱਜੀ ਗੁਦਾਮ ਨੂੰ ਭੀੜ ਨੇ ਅੱਗ ਲਾ ਦਿੱਤੀ। ਇਸੇ ਜ਼ਿਲ੍ਹੇ ਦੇ ਖੁਰਈ ਵਿਖੇ ਖਪਤਕਾਰ ਅਤੇ ਖੁਰਾਕ ਮਾਮਲਿਆਂ ਦੇ ਮੰਤਰੀ ਦੀ ਇਕ ਹੋਰ ਜਾਇਦਾਦ ਅਤੇ ਉਨ੍ਹਾ ਦੀ ਰਿਹਾਇਸ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਦੱਸਿਆ ਕਿ ਭੀੜ ਨੂੰ ਮੰਤਰੀ ਦੇ ਘਰ ਤੋਂ ਖਦੇੜਨ ਲਈ ਅੱਧੀ ਰਾਤ ਤੱਕ ਅੱਥਰੂ ਗੈਸ ਦੇ ਕਈ ਗੋਲੇ ਦਾਗੇ। ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ 14 ਜੂਨ ਦੀ ਰਾਤ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਮਫੇਲ ਇਲਾਕੇ ’ਚ ਰਾਜ ਦੀ ਮਹਿਲਾ ਮੰਤਰੀ ਨੇਮਚਾ ਕਿਪਗੇਨ ਦੇ ਸਰਕਾਰੀ ਕੁਆਰਟਰ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਗਾ ਦਿੱਤੀ ਸੀ ਤੇ ਕੇਂਦਰੀ ਮੰਤਰੀ ਆਰ ਕੇ ਰੰਜਨ ਸਿੰਘ ਦੇ ਘਰ ’ਤੇ ਹਮਲਾ ਕਰਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।




