ਮਨੀਪੁਰ ਬਾਰੇ ਸ਼ਾਹ ਦੀ ਅਗਵਾਈ ’ਚ ਹੋਈ ਸਰਬ ਪਾਰਟੀ ਮੀਟਿੰਗ

0
151

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਮਨੀਪੁਰ ਦੀ ਮੌਜੂਦਾ ਸਥਿਤੀ ’ਤੇ ਚਰਚਾ ਕਰਨ ਲਈ ਬੁਲਾਈ ਸਰਬ ਪਾਰਟੀ ਮੀਟਿੰਗ ’ਚ ਕਾਂਗਰਸ, ਤਿ੍ਰਣਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਮੀਟਿੰਗ ’ਚ ਸ਼ਾਮਲ ਹੋਣ ਵਾਲਿਆਂ ’ਚ ਭਾਜਪਾ ਪ੍ਰਧਾਨ ਜੇ ਪੀ ਨੱਢਾ, ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਓਕਰਾਮ ਇਬੋਬੀ ਸਿੰਘ (ਕਾਂਗਰਸ), ਤਿ੍ਰਣਮੂਲ ਕਾਂਗਰਸ ਦੇ ਨੇਤਾ ਡੈਰੇਕ ਓ ਬ੍ਰਾਇਨ, ਮੇਘਾਲਿਆ ਦੇ ਮੁੱਖ ਮੰਤਰੀ ਅਤੇ ਨੈਸ਼ਨਲ ਪੀਪਲਜ ਪਾਰਟੀ (ਐੱਨ ਪੀ ਪੀ) ਦੇ ਆਗੂ ਕੋਨਰਾਡ ਸੰਗਮਾ, ਸ਼ਿਵ ਸੈਨਾ (ਯੂ ਬੀ ਟੀ) ਦੀ ਆਗੂ ਪਿ੍ਰਯੰਕਾ ਚਤੁਰਵੇਦੀ, ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ ਆਈ ਡੀ ਐੱਮ ਕੇ) ਦੇ ਆਗੂ ਐੱਮ. ਥੰਬੀ ਦੁਰਈ, ਦ੍ਰਵਿੜ ਮੁਨੇਤਰ ਕੜਗਮ (ਡੀ ਐੱਮ ਕੇ) ਦੇ ਆਗੂ ਤਿਰੁਚੀ ਸਿਵਾ, ਬੀਜੂ ਜਨਤਾ ਦਲ (ਬੀ ਜੇ ਡੀ) ਦੇ ਨੇਤਾ ਪਿਨਾਕੀ ਮਿਸ਼ਰਾ, ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਅਤੇ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਨੇਤਾ ਮਨੋਜ ਝਾਅ ਨੇ ਸ਼ਿਰਕਤ ਕੀਤੀ। ਮੀਟਿੰਗ ’ਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਨਿਤਿਆਨੰਦ ਰਾਏ ਅਤੇ ਅਜੈ ਕੁਮਾਰ ਮਿਸ਼ਰਾ, ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਅਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ ਮੌਜੂਦ ਸਨ। ਮੀਟਿੰਗ ’ਚ ਤਿ੍ਰਣਮੂਲ ਕਾਂਗਰਸ ਨੇ ਮੰਗ ਕੀਤੀ ਕਿ ਅਗਲੇ ਇੱਕ ਹਫ਼ਤੇ ’ਚ ਇੱਕ ਸਰਬਦਲੀ ਪ੍ਰਤੀਨਿਧੀ ਮੰਡਲ ਮਣੀਪੁਰ ਭੇਜਿਆ ਜਾਵੇ। ਟੀ ਐੱਮ ਸੀ ਨੇ ਮੀਟਿੰਗ ’ਚ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਦਾ ਸੰਦੇਸ਼ ਅਣਦੇਖੀ ਵਾਲਾ ਹੀ ਰਿਹਾ ਹੈ। ਇਸ ਨੂੰ ਇਲਾਜ, ਦੇਖਭਾਲ, ਸ਼ਾਂਤੀ ’ਚ ਬਦਲਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਸੀ ਕਿ ਮਨੀਪੁਰ ਪਿਛਲੇ 52 ਦਿਨਾਂ ਤੋਂ ਸੜ ਰਿਹਾ ਹੈ ਅਤੇ ਆਖਿਰਕਾਰ ਗ੍ਰਹਿ ਮੰਤਰੀ ਨੇ ਸ਼ਨੀਵਾਰ ਮਨੀਪੁਰ ’ਤੇ ਸਰਬਦਲੀ ਮੀਟਿੰਗ ਬੁਲਾਉਣਾ ਸਹੀ ਸਮਝਿਆ। ਰਮੇਸ਼ ਨੇ ਟਵੀਟ ’ਤੇ ਲਿਖਿਆ ਸਹੀ ਮਾਇਨੇ ’ਚ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨੂੰ ਕਰਨੀ ਚਾਹੀਦੀ ਸੀ, ਜੋ ਏਨੇ ਸਮੇਂ ਤੱਕ ਚੁੱਪ ਹਨ। ਇਸ ਨੂੰ ਰਾਸ਼ਟਰੀ ਵੇਦਨਾ ਦੇ ਪ੍ਰਦਰਸ਼ਨ ਦੇ ਤੌਰ ’ਤੇ ਇੰਫਾਲ ’ਚ ਆਯੋਜਿਤ ਕੀਤਾ ਜਾਣਾ ਚਾਹੀਦਾ ਸੀ। ਭਾਰਤੀ ਜਨਤਾ ਪਾਰਟੀ ਨੇ ਮਨੀਪੁਰ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਮਨੀਪੁਰ ’ਚ ਬੀਤੀ 3 ਮਈ ਤੋਂ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਰਾਜ ਸਰਕਾਰ ਨੇ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਇੰਟਰਨੈੱਟ ’ਤੇ ਪਾਬੰਦੀ ਨੂੰ 25 ਜੂਨ ਤੱਕ ਵਧਾ ਦਿੱਤਾ ਹੈ। ਹੁਣ ਤੱਕ 120 ਮੌਤਾਂ ਹੋ ਚੁੱਕੀਆਂ ਹਨ ਤੇ 3000 ਤੋਂ ਵੱਧ ਲੋਕ ਜ਼ਖਮੀ ਹਨ।

LEAVE A REPLY

Please enter your comment!
Please enter your name here