ਕੁੱਲੂ ਦੇ ਨਾਲੇ ’ਚ ਵਾਹਨ ਰੁੜ੍ਹੇ, ਘੱਗਰ ’ਚ ਫਸੀ ਮਹਿਲਾ ਮਸਾਂ ਬਚਾਈ

0
168

ਮੰਡੀ : ਕੁੱਲੂ ਜ਼ਿਲ੍ਹੇ ਦੇ ਮੋਹਾਲ ਨਾਲੇ ’ਚ ਆਏ ਹੜ੍ਹ ਕਾਰਨ ਕਈ ਵਾਹਨ ਰੁੜ੍ਹ ਗਏ। ਸਥਾਨਕ ਪ੍ਰਸ਼ਾਸਨ ਫਸੇ ਤੇ ਨੁਕਸਾਨੇ ਗਏ ਵਾਹਨਾਂ ਨੂੰ ਜੇ ਸੀ ਬੀ ਮਸ਼ੀਨ ਨਾਲ ਬਾਹਰ ਕੱਢ ਰਿਹਾ ਸੀ।
ਪੁਰਾਣਾ ਪੰਚਕੂਲਾ ਵਿਖੇ ਘੱਗਰ ਦੇ ਪੁਲ ਹੇਠਾਂ ਪੂਜਾ ਸਮਗਰੀ ਪਾਣੀ ’ਚ ਵਹਾਉਣ ਗਈ ਮਹਿਲਾ ਕਾਰ ਸਮੇਤ ਘੱਗਰ ਨਦੀ ਦੇ ਤੇਜ਼ ਵਹਾਅ ’ਚ ਫਸ ਗਈ। ਸੈਕਟਰ-4 ਦੀ ਸੰਗੀਤਾ ਆਪਣੀ ਮਾਂ ਨਾਲ ਸਮਗਰੀ ਵਹਾਉਣ ਅਤੇ ਮੱਥਾ ਟੇਕਣ ਆਈ ਸੀ। ਅਚਾਨਕ ਹੀ ਘੱਗਰ ਨਦੀ ਚੜ੍ਹ ਗਈ ਅਤੇ ਪਾਣੀ ਕਾਰ ਉੱਪਰੋਂ ਦੀ ਲੰਘਣ ਲੱਗਾ। ਲੋਕਾਂ ਨੇ ਕਾਫੀ ਜੱਦੋਜਹਿਦ ਕਰਕੇ ਕਾਰ ਨਾਲ ਰੱਸੇ ਬੰਨ੍ਹ ਕੇ ਮਹਿਲਾ ਨੂੰ ਬਚਾਇਆ। ਕਰੇਨ ਨਾਲ ਕਾਰ ਨੂੰ ਪਾਣੀ ਵਿੱਚੋਂ ਕੱਢਿਆ ਗਿਆ। ਲੋਕਾਂ ਨੇ ਦੱਸਿਆ ਕਿ ਕਾਰ ’ਚ ਬੱਚੇ ਸਣੇ ਤਿੰਨ ਜਣੇ ਸਵਾਰ ਸਨ। ਪੰਚਕੂਲਾ ’ਚ ਘੱਗਰ ਨਦੀ ਦੇ ਆਸਪਾਸ ਧਾਰਾ-144 ਲੱਗੀ ਹੋਈ ਹੈ।
ਇਸੇ ਦੌਰਾਨ ਪੰਚਕੂਲਾ ਦੇ ਸੈਕਟਰ-27 ’ਚ ਘੱਗਰ ਪਾਰ ਕਰਦੇ 7 ਵਿਅਕਤੀ ਫਸ ਗਏ। ਇਹ ਪੰਚਕੂਲਾ ਤੋਂ ਪੰਜਾਬ ਦੇ ਇਲਾਕੇ ਪੀਰ ਮੁਛੱਲਾ ਵੱਲ ਜਾ ਰਹੇ ਸਨ, ਜਦੋਂ ਕਿ ਰਸਤੇ ’ਚ ਪਾਣੀ ਚੜ੍ਹ ਆਇਆ। ਐੱਨ ਡੀ ਆਰ ਐੱਫ ਦੀ ਮਦਦ ਨਾਲ ਇਨ੍ਹਾਂ ਨੂੰ ਕੱਢਿਆ ਗਿਆ।
ਇਸੇ ਦੌਰਾਨ ਦਿੱਲੀ ਤੇ ਮੁੰਬਈ ’ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਮੌਨਸੂਨ ਮਿੱਥੇ ਸਮੇਂ ਨਾਲੋਂ ਦੋ ਦਿਨ ਪਹਿਲਾਂ, ਜਦੋਂਕਿ ਮੁੰਬਈ ਵਿਚ ਦੋ ਹਫਤਿਆਂ ਦੀ ਦੇਰੀ ਨਾਲ ਪਹੁੰਚਿਆ ਹੈ। ਵਿਭਾਗ ਦੇ ਅਧਿਕਾਰੀ ਮੁਤਾਬਕ ਮੌਨਸੂਨ ਦੀ ਸ਼ੁਰੂਆਤ ਮੱਠੀ ਰਹੀ, ਪਰ ਹੁਣ ਇਸ ’ਚ ਤੇਜ਼ੀ ਆ ਰਹੀ ਹੈ ਤੇ ਇਹ ਮਹਾਰਾਸ਼ਟਰ, ਸਮੁੱਚੇ ਕਰਨਾਟਕ, ਕੇਰਲਾ, ਤਾਮਿਲਨਾਡੂ, ਛੱਤੀਸਗੜ੍ਹ, ਓਡੀਸ਼ਾ, ਪੂਰਬੀ ਭਾਰਤ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਪੂਰਬੀ ਯੂ ਪੀ, ਉੱਤਰਾਖੰਡ, ਹਿਮਾਚਲ ਦੇ ਬਹੁਤੇ ਹਿੱਸਿਆਂ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਪਹੁੰਚ ਗਿਆ ਹੈ। ਆਮ ਤੌਰ ’ਤੇ ਕੇਰਲਾ ਵਿਚ ਮੌਨਸੂਨ 1 ਜੂਨ ਤੱਕ, ਮੁੰਬਈ ’ਚ 11 ਜੂਨ ਤੇ ਕੌਮੀ ਰਾਜਧਾਨੀ ’ਚ 27 ਜੂਨ ਤੱਕ ਪਹੁੰਚਦਾ ਹੈ।
ਮੌਨਸੂਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ, ਜਿਨ੍ਹਾਂ ’ਚ ਲੱਦਾਖ, ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਵੱਡੇ ਹਿੱਸੇ ਸ਼ਾਮਲ ਹਨ, ਨਿਰਧਾਰਤ ਸਮੇਂ ਤੋਂ ਜਾਂ ਇਸ ਤੋਂ ਥੋੜ੍ਹਾ ਪਹਿਲਾਂ ਪਹੁੰਚ ਗਿਆ ਹੈ, ਪਰ ਮੱਧ ਭਾਰਤ ’ਚ ਇਹ ਅਜੇ ਵੀ ਨਿਰਧਾਰਤ ਸਮੇਂ ਨਾਲੋਂ 10-12 ਦਿਨ ਪਿੱਛੇ ਹੈ, ਜਿੱਥੇ ਜ਼ਿਆਦਾਤਰ ਕਿਸਾਨ ਖੇਤੀ ਲਈ ਮੀਂਹ ’ਤੇ ਟੇਕ ਰੱਖਦੇ ਹਨ।

LEAVE A REPLY

Please enter your comment!
Please enter your name here