ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸੱਦੇ ਉੱਤੇ ਪਟਨਾ ਵਿੱਚ 23 ਜੂਨ ਨੂੰ ਹੋਈ ਮੀਟਿੰਗ ਨੂੰ ਭਾਜਪਾ ਵਿਰੁੱਧ ਬਣਨ ਵਾਲੇ ਮਹਾਂਗਠਜੋੜ ਦੀ ਪਹਿਲੀ ਸਫ਼ਲਤਾ ਕਿਹਾ ਜਾ ਸਕਦਾ ਹੈ। ਇਸ ਮੀਟਿੰਗ ਵਿੱਚ 15 ਸਿਆਸੀ ਪਾਰਟੀਆਂ ਦੇ 32 ਆਗੂ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਸਭ ਪਾਰਟੀਆਂ ਦੇ ਆਗੂਆਂ ਨੇ ਆਪਣੇ ਮਤਭੇਦ ਲਾਂਭੇ ਰੱਖਦਿਆਂ ਭਾਜਪਾ ਨੂੰ ਹਰਾਉਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਸੀ। ਇਸ ਮੀਟਿੰਗ ਵਿੱਚ ਕਾਂਗਰਸ, ਟੀ ਐੱਮ ਸੀ, ਆਪ, ਜੇ ਐੱਮ ਐੱਮ, ਡੀ ਐੱਮ ਕੇ, ਜੇ ਡੀ ਯੂ, ਸਪਾ, ਆਰ ਜੇ ਡੀ, ਐੱਨ ਸੀ, ਸ਼ਿਵ ਸੈਨਾ (ਠਾਕਰੇ), ਸੀ ਪੀ ਐੱਮ, ਸੀ ਪੀ ਆਈ, ਸੀ ਪੀ ਆਈ (ਐੱਮ ਐੱਲ), ਐੱਨ ਸੀ ਪੀ ਤੇ ਪੀ ਡੀ ਪੀ ਦੇ ਮੁਖੀ ਸ਼ਾਮਲ ਹੋਏ। ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਦਿੱਲੀ ਬਾਰੇ ਆਰਡੀਨੈਂਸ ਵਿਰੁੱਧ ਕਾਂਗਰਸ ਦੀ ਹਮੈਤ ਦੇ ਸਵਾਲ ਤੋਂ ਬਿਨਾਂ ਬਾਕੀ ਸਭ ਸਵਾਲਾਂ ਉੱਤੇ ਆਮ ਸਹਿਮਤੀ ਸੀ। ਆਪ ਤੇ ਕਾਂਗਰਸ ਦੀ ਮੁਸ਼ਕਲ ਇਹ ਹੈ ਕਿ ਪੰਜਾਬ ਤੇ ਦਿੱਲੀ ਵਿੱਚ ਇਹ ਸਿੱਧੇ ਟਕਰਾਅ ਵਿੱਚ ਹਨ। ਇਸ ਤੋਂ ਇਲਾਵਾ ਦਸੰਬਰ ਵਿੱਚ ਹੋਣ ਵਾਲੀਆਂ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਪ ਨੇ ਚੋਣਾਂ ਲੜਨ ਦਾ ਬਿਗਲ ਵਜਾ ਦਿੱਤਾ ਹੈ, ਜਿੱਥੇ ਭਾਜਪਾ ਨਾਲ ਕਾਂਗਰਸ ਦਾ ਸਿੱਧਾ ਮੁਕਾਬਲਾ ਹੈ। ਕਾਂਗਰਸ ਲਈ ਆਰਡੀਨੈਂਸ ਦਾ ਵਿਰੋਧ ਕਰਨਾ ਉਸ ਦੀ ਲੋਕਤੰਤਰੀ ਤੇ ਸੰਘੀ ਢਾਂਚੇ ਪ੍ਰਤੀ ਵਚਨਬੱਧਤਾ ਦਾ ਸਵਾਲ ਹੈ, ਜਿਸ ਬਾਰੇ ਕਾਂਗਰਸ ਪ੍ਰਧਾਨ ਖੜਗੇ ਨੇ ਇਸ਼ਾਰਾ ਵੀ ਕਰ ਦਿੱਤਾ ਹੈ ਕਿ ਇਹ ਫ਼ੈਸਲਾ ਲੋਕ ਸਭਾ ਦੇ ਅਜਲਾਸ ਮੌਕੇ ਕਰ ਲਿਆ ਜਾਵੇਗਾ, ਪਰ ਆਮ ਆਦਮੀ ਪਾਰਟੀ ਸਾਹਮਣੇ ਅਸਲ ਮੁੱਦਾ ਲੈ-ਦੇ ਕਰਕੇ ਆਪਣੀ ਤਾਕਤ ਵਧਾਉਣ ਦਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ 5 ਵਿਧਾਨ ਸਭਾ ਚੋਣਾਂ ਵਿੱਚ ਜੇਕਰ ਭਾਜਪਾ ਜਿੱਤ ਜਾਂਦੀ ਹੈ ਤਾਂ ਉਹ ਮਹਾਂਗਠਜੋੜ ਉੱਤੇ ਹਾਵੀ ਹੋ ਜਾਵੇਗੀ, ਇਸ ਲਈ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਹਰਾਉਣ ਦਾ ਸਵਾਲ ਵੀ ਮਹਾਂਗਠਜੋੜ ਦੇ ਏਜੰਡੇ ਉੱਤੇ ਰਹੇਗਾ। ਆਮ ਆਦਮੀ ਪਾਰਟੀ ਦੀ ਵੱਖਰੀ ਸੁਰ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਕਾਂਗਰਸ ਉੱਤੇ ਦਬਾਅ ਬਣਾ ਕੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਕੁੱਝ ਸੀਟਾਂ ਹਾਸਲ ਕਰਨਾ ਚਾਹੁੰਦੀ ਹੋਵੇ। ਇਸ ਮੀਟਿੰਗ ਦੀ ਸਭ ਤੋਂ ਵੱਡੀ ਸਫ਼ਲਤਾ ਇਹ ਸੀ ਕਿ ਤਿ੍ਰਣਮੂਲ ਕਾਂਗਰਸ, ਸਪਾ ਤੇ ਆਪ ਵਰਗੀਆਂ ਉਹ ਪਾਰਟੀਆਂ ਵੀ ਸ਼ਾਮਲ ਹੋਈਆਂ, ਜਿਹੜੀਆਂ ਕਾਂਗਰਸ ਦੀਆਂ ਕੱਟੜ ਵਿਰੋਧੀ ਹਨ। ਅਗਲੀ ਮੀਟਿੰਗ ਸ਼ਿਮਲਾ ਵਿੱਚ ਹੋਣੀ ਹੈ, ਹੋ ਸਕਦਾ ਹੈ ਕਿ ਉਦੋਂ ਤੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਸੀ ਮੱਤਭੇਦ ਦੂਰ ਕਰ ਲੈਣਗੀਆਂ।
ਸ਼ੁਰੂਆਤ ਤਾਂ ਚੰਗੀ ਹੈ, ਪਰ ਹਾਲੇ ਲੰਮਾ ਪੈਂਡਾ ਤੈਅ ਕਰਨਾ ਪੈਣਾ ਹੈ। ਮਹਾਰਾਸ਼ਟਰ, ਤਾਮਿਲਨਾਡੂ, ਬਿਹਾਰ, ਝਾਰਖੰਡ, ਅਸਾਮ, ਤਿ੍ਰਪੁਰਾ, ਮਨੀਪੁਰ, ਪੁੱਡੂਚੇਰੀ ਤੇ ਜੰਮੂ-ਕਸ਼ਮੀਰ ਦੀਆਂ 166 ਲੋਕ ਸਭਾ ਸੀਟਾਂ ਉੱਤੇ ਪਹਿਲਾਂ ਤੋਂ ਹੀ ਭਾਜਪਾ ਵਿਰੁੱਧ ਗਠਜੋੜ ਮੌਜੂਦ ਹਨ। ਓਡੀਸ਼ਾ, ਆਂਧਰਾ ਤੇ ਤੇਲੰਗਾਨਾ ਦੀਆਂ 63 ਸੀਟਾਂ ਉੱਤੇ ਕਾਂਗਰਸ ਤੇ ਕਮਿਊਨਿਸਟਾਂ ਦਾ ਗਠਜੋੜ ਪਹਿਲਾਂ ਵੀ ਬਣਦਾ ਰਿਹਾ ਹੈ।
ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛਤੀਸਗੜ੍ਹ, ਉੱਤਰਾਖੰਡ, ਹਿਮਾਚਲ, ਹਰਿਆਣਾ, ਕਰਨਾਟਕ, ਗੋਆ ਤੇ ਉੱਤਰ-ਪੂਰਬੀ ਰਾਜਾਂ ਦੀਆਂ 150 ਸੀਟਾਂ ਹਨ, ਜਿੱਥੇ ਭਾਜਪਾ ਨਾਲ ਕਾਂਗਰਸ ਦਾ ਸਿੱਧਾ ਮੁਕਾਬਲਾ ਹੈ। ਇਨ੍ਹਾਂ ਵਿਚਲੇ ਕੁਝ ਰਾਜਾਂ ਵਿੱਚ ਵੋਟਾਂ ਦੀ ਵੰਡ ਰੋਕਣ ਲਈ ਆਪ, ਸਪਾ, ਕਮਿਊਨਿਸਟਾਂ ਤੇ ਸਥਾਨਕ ਛੋਟੀਆਂ ਪਾਰਟੀਆਂ ਨੂੰ ਕਾਂਗਰਸ ਨੇ ਕਿਸ ਤਰ੍ਹਾਂ ਸਾਥ ਰੱਖਣਾ ਹੈ, ਇਹ ਬਹੁਤ ਵੱਡਾ ਮਸਲਾ ਨਹੀਂ । ਕੇਰਲਾ ਵਿੱਚ ਤਾਂ ਭਾਜਪਾ ਮੁਕਾਬਲੇ ਵਿੱਚ ਹੀ ਨਹੀਂ ਹੈ।
ਮਹਾਂਗੱਠਜੋੜ ਲਈ ਸਭ ਤੋਂ ਵੱਡਾ ਮਸਲਾ ਯੂ ਪੀ, ਬੰਗਾਲ, ਪੰਜਾਬ ਤੇ ਦਿੱਲੀ ਦੀਆਂ 142 ਸੀਟਾਂ ਦਾ ਹੈ। ਇਨ੍ਹਾਂ ਵਿੱਚੋਂ ਵੀ ਸਭ ਤੋਂ ਔਖਾ ਪੱਛਮੀ ਬੰਗਾਲ ਦਾ ਹੈ, ਜਿੱਥੇ ਮਹਾਂਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦਾ ਸਿਰ ਵਢਵਾਂ ਵੈਰ ਹੈ। ਮੱਤਭੇਦ ਉਭਰਦੇ ਰਹਿਣੇ ਹਨ, ਕਿਉਂਕਿ ਹਰ ਪਾਰਟੀ ਆਪਣੀ ਨੁਮਾਇੰਦਗੀ ਵਧਾਉਣ ਲਈ ਸਿਰਤੋੜ ਕੋਸ਼ਿਸ਼ ਕਰੇਗੀ। ਆਸ ਕਰਨੀ ਬਣਦੀ ਹੈ ਕਿ ਮੱਤਭੇਦਾਂ ਦੇ ਬਾਵਜੂਦ ਫਾਸ਼ੀਵਾਦ ਨੂੰ ਹਰਾਉਣ ਲਈ ਸਭ ਧਿਰਾਂ ਹਕੀਕਤ ਸਮਝ ਕੇ ਉਸਾਰੂ ਸੋਚ ਅਪਣਾਉਣਗੀਆਂ। ਸ਼ੁਰੂਆਤ ਚੰਗੀ ਹੈ, ਚੰਗੇ ਨਤੀਜੇ ਦੀ ਵੀ ਆਸ ਹੈ।
-ਚੰਦ ਫਤਿਹਪੁਰੀ



