ਭਿੱਖੀਵਿੰਡ : ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਹੈ ਕਿ ਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਅਲਗੋਂ ਨਰੇਗਾ ਕਾਮਿਆਂ ਦੇ ਕੰਮ, ਉਨ੍ਹਾਂ ਨੂੰ ਪੈਸੇ ਦਿਵਾਉਣ ਅਤੇ ਨਰੇਗਾ ਕੰਮ ਦੀ ਘਪਲੇਬਾਜ਼ੀ ਰੋਕਣ ਵਾਸਤੇ ਸੰਘਰਸ਼ ਕਰ ਰਹੇ ਹਨ, ਪਰ ਅਫਸਰਸ਼ਾਹੀ ਤੇ ਮੁਲਾਜ਼ਮਾਂ ਨੂੰ ਇਹ ਸੂਤ ਨਹੀਂ ਬੈਠਦਾ, ਕਿਉਂਕਿ ਦਿਨੋਂ-ਦਿਨ ਉਨ੍ਹਾਂ ਦੀ ਘਪਲੇਬਾਜ਼ੀ ਨੰਗੀ ਹੋ ਰਹੀ ਹੈ। ਹੁਣ ਮਾਮਲਾ ਇਥੋਂ ਤੱਕ ਪਹੁੰਚ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਉਸ ਨੂੰ ਡਰਾਉਣ ਵਾਸਤੇ ਉਸ ਦੇ ਘਰ ਇਨੋਵਾ ’ਤੇ ਗੁੰਡੇ ਭੇਜ ਦਿੱਤੇ। ਉਨ੍ਹਾਂ ਗੁੰਡਿਆਂ ਨੇ ਨਰਿੰਦਰ ਸਿੰਘ ਨੂੰ ਕਿਹਾ ਕਿ ਜਾਂ ਤਾਂ ਇਨਕੁਆਰੀਆਂ ਵਾਪਸ ਲੈ, ਨਹੀਂ ਤਾਂ ਤੂੰ ਦੁਨੀਆ ’ਤੇ ਨਹੀਂ ਰਹੇਂਗਾ। ਗੱਲ ਇਥੇ ਹੀ ਨਹੀਂ ਰੁਕੀ, ਖਰੜ ਤਹਿਸੀਲ ਵਿੱਚ ਛੱਜੂ ਮਾਜਰਾ ਕਾਲੋਨੀ, ਵਾਰਡ ਨੰਬਰ-4, ਘਰ ਨੰਬਰ-1083, ਜ਼ਿਲ੍ਹਾ ਮੋਹਾਲੀ ਵਿੱਚ ਹਰਜਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਰਹਿੰਦਾ ਹੈ ਤੇ ਉਸ ਨੇ ਨਰਿੰਦਰ ਸਿੰਘ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਖਰੜ ਅਦਾਲਤ ਵਿੱਚ ਕੇਸ ਕਰਾ ਦਿੱਤਾ, ਜਿਸ ਦੀ ਤਰੀਕ 8 ਅਗਸਤ ਪਈ ਹੈ। ਸੰਮਨ ਡਾਕ ਰਾਹੀਂ ਨਰਿੰਦਰ ਸਿੰਘ ਦੇ ਘਰ ਅਲਗੋਂ ਪਹੁੰਚ ਗਏ ਹਨ। ਕੇਸ ਕਰਨ ਵਾਲਿਆਂ ਨੂੰ ਨਰਿੰਦਰ ਸਿੰਘ ਜਾਣਦੇ ਵੀ ਨਹੀਂ ਹਨ, ਕੰਮ ਕਿਹੜੇ ਵਿੱਚ ਰੁਕਾਵਟ ਪਾਉਣੀ ਹੈ। ਆਗੂਆਂ ਕਿਹਾ ਕਿ ਇਸ ਤੋਂ ਪਹਿਲਾਂ ਗੁੰਡਾਗਰਦੀ ਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਸ਼ਮੀਰ ਸਿੰਘ ਗਦਾਈਆ ’ਤੇ ਕੀਤੀ ਗਈ ਤੇ ਉਹ ਇਨਸਾਫ ਲਈ ਸੰਘਰਸ਼ ਚੱਲ ਰਿਹਾ ਹੈ। ਆਗੂਆਂ ਮੰਗ ਕੀਤੀ ਕਿ ਨਰਿੰਦਰ ਸਿੰਘ ਅਲਗੋਂ ਨੂੰ ਧਮਕਾਉਣ ਵਾਲਿਆਂ ਤੇ ਝੂਠਾ ਕੇਸ ਕਰਨ ਵਾਲਿਆਂ ਨੂੰ ਤੁਰੰਤ ਗਿ੍ਰਫਤਾਰ ਨਾ ਕੀਤਾ ਤਾਂ ਪੰਜਾਬ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।





