ਮੁੰਬਈ : ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਤੇ ਕੁਝ ਹੋਰ ਵਿਧਾਇਕਾਂ ਦੀ ਬਗਾਵਤ ਮਗਰੋਂ ਸੰਕਟ ‘ਚ ਫਸੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਉਹ ਆਪਣੇ ਅਹੁਦੇ ‘ਤੇ ਬਣੇ ਰਹਿਣ ਦੇ ਇੱਛੁਕ ਨਹੀਂ ਹਨ ਅਤੇ ਅਸਤੀਫਾ ਦੇਣ ਲਈ ਤਿਆਰ ਹਨ | ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸੁਨੇਹੇ ਵਿਚ ਊਧਵ ਨੇ ਕਿਹਾ ਜੋ ਮੇਰੇ ‘ਤੇ ਮੁੱਖ ਮੰਤਰੀ ਵਜੋਂ ਵਧੀਆ ਪ੍ਰਦਰਸ਼ਨ ਨਾ ਕਰਨ ਜਾਂ ਹਿੰਦੂਤਵ ਦੇ ਏਜੰਡੇ ਨੂੰ ਛੱਡਣ ਦਾ ਦੋਸ਼ ਲਾ ਰਹੇ ਹਨ, ਉਹ ਅੱਗੇ ਆਉਣ ਅਤੇ ਇਸ ਸੰਬੰਧੀ ਮੇਰੇ ਨਾਲ ਗੱਲ ਕਰਨ |
ਸ਼ਿਵ ਸੈਨਾ ਦੇ ਮੁੱਖ ਬੁਲਾਰੇ ਸੰਜੇ ਰਾਉਤ ਨੇ ਵਿਧਾਨ ਸਭਾ ਭੰਗ ਕਰਨ ਦੇ ਸੰਕੇਤ ਦਿੱਤੇ ਹਨ | ਉਨ੍ਹਾ ਟਵੀਟ ਕੀਤਾ—ਵਿਧਾਨ ਸਭਾ ਭੰਗ ਕਰਨ ਵੱਲ ਮਹਾਰਾਸ਼ਟਰ ਵਿੱਚ ਸਿਆਸੀ ਘਟਨਾਕ੍ਰਮ | ਇਸ ਦੌਰਾਨ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਮੁੱਖ ਮੰਤਰੀ ਊਧਵ ਠਾਕਰੇ ਨੇ ਸਪੱਸ਼ਟ ਕੀਤਾ ਹੈ ਕਿ ਰਾਜ ਵਿਧਾਨ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ |
ਇਸੇ ਦੌਰਾਨ ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਗੁਹਾਟੀ ਗਏ ਪਾਰਟੀ ਦੇ ਬਾਗੀ ਵਿਧਾਇਕਾਂ ਵਿਰੱੁਧ ਕਾਰਵਾਈ ਦੀ ਮੰਗ ਕਰਦਿਆਂ ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਬੁੱਧਵਾਰ ਪਾਰਟੀ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਕੀਤਾ | ਔਰੰਗਾਬਾਦ ਜ਼ਿਲ੍ਹੇ ਦੇ ਘੱਟੋ-ਘੱਟ ਪੰਜ ਵਿਧਾਇਕ ਸ਼ਿੰਦੇ ਨਾਲ ਗੁਹਾਟੀ ਵਿਚ ਹਨ | ਸ਼ਿਵ ਸੈਨਾ ਦੇ ਬੁਲਾਰੇ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਅੰਬਾਦਾਸ ਦਾਨਵੇ ਨੇ ਕਿਹਾ ਕਿ ਲੋਕਾਂ ਨੂੰ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਅਗਵਾਈ ‘ਤੇ ਪੂਰਾ ਭਰੋਸਾ ਹੈ |
ਬਾਗੀ ਵਿਧਾਇਕ ਸ਼ਿੰਦੇ ਦੀ ਅਗਵਾਈ ਵਿਚ ਬੁੱਧਵਾਰ ਸਵੇਰੇ ਚਾਰਟਰ ਹਵਾਈ ਜਹਾਜ਼ ਰਾਹੀਂ ਗੁਜਰਾਤ ਤੋਂ ਗੁਹਾਟੀ ਪਹੁੰਚੇ ਅਤੇ ਉਨ੍ਹਾਂ ਨੂੰ ਸਖਤ ਸੁਰੱਖਿਆ ਵਿਚਕਾਰ ਸ਼ਹਿਰ ਦੇ ਬਾਹਰਵਾਰ ਲਗਜ਼ਰੀ ਹੋਟਲ ਵਿੱਚ ਲਿਜਾਇਆ ਗਿਆ | ਵਿਧਾਇਕਾਂ ਦਾ ਹਵਾਈ ਅੱਡੇ ‘ਤੇ ਭਾਜਪਾ ਦੇ ਸੰਸਦ ਮੈਂਬਰ ਪਲਬ ਲੋਚਨ ਦਾਸ ਅਤੇ ਸੁਸ਼ਾਂਤ ਬੋਰਗੋਹੇਨ ਨੇ ਸਵਾਗਤ ਕੀਤਾ |