ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਅਤੇ ਗਰੀਬ ਵਰਗ ਵਿਰੋਧੀ ਨੀਤੀਆਂ, ਜਬਰ ਅਤੇ ਆਰਥਕ ਸ਼ੋਸ਼ਣ ਦੇ ਵਿਰੁੱਧ ਪੰਜਾਬ ਦੀਆਂ ਪ੍ਰਮੁੱਖ ਜਥੇਬੰਦੀਆਂ ਵਲੋਂ 14 ਜੁਲਾਈ ਨੂੰ ਮੁਹਾਲੀ ਵਿਖੇ ਲੇਬਰ ਭਵਨ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਅਤੇ ਮੁਜਾਹਰਾ ਕੀਤਾ ਜਾਵੇਗਾ। ਜਿਹਨਾਂ ਜਥੇਬੰਦੀਆਂ ਵੱਲੋਂ ਇਹ ਰੈਲੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਏਟਕ, ਇੰਟਕ, ਐੱਚ ਐੱਮ ਐੱਸ ਅਤੇ ਸੀ ਟੀ ਯੂ ਪੰਜਾਬ ਨਾਲ ਸੰਬੰਧਤ ਸੈਂਕੜੇ ਯੂਨੀਅਨਜ਼ ਸ਼ਾਮਲ ਹਨ। ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਰੋਸ ਰੈਲੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਘੱਟੋ-ਘੱਟ ਉਜਰਤ 26000 ਰੁਪਏ ਕਰਨਾ, ਕੰਟਰੈਕਟ ਅਤੇ ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਨਾ, ਚਾਰੇ ਲੇਬਰ ਕੋਡਜ਼ ਰੱਦ ਕਰਨਾ, ਭੱਠਾ ਵਰਕਰਾਂ, ਨਰੇਗਾ ਕਾਮਿਆਂ ਦੀਆਂ ਮੰਗਾਂ, ਉਸਾਰੀ ਕਿਰਤੀਆਂ ਦੀਆਂ ਮੰਗਾਂ, ਨਿੱਜੀਕਰਨ ਰੋਕਣਾ, ਸਕੀਮ ਵਰਕਰਾਂ, ਆਸ਼ਾ ਵਰਕਰਜ਼, ਆਂਗਣਵਾੜੀ ਅਤੇ ਮਿਡ ਡੇ ਮੀਲ ਕਾਮਿਆਂ ਨੂੰ ਵਰਕਰ ਦਾ ਦਰਜਾ ਦੇ ਕੇ ਘੱਟੋ-ਘੱਟ ਉਜਰਤਾਂ ਦੇ ਦਾਇਰੇ ਵਿੱਚ ਲੈ ਕੇ ਆਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਘਰੇਲੂ ਵਰਕਰਜ਼ ਦੀ ਭਲਾਈ ਲਈ ਬੋਰਡ ਦਾ ਗਠਨ ਕਰਨਾ, ਮਹਿੰਗਾਈ ਰੋਕਣਾ, ਸਮਾਜਕ ਸੁਰੱਖਿਆ ਸਕੀਮਾਂ ਦੇ ਲਾਭ ਲੋੜਵੰਦਾਂ ਨੂੰ ਬਿਨਾਂ ਭੇਦਭਾਵ ਤੋਂ ਮਿਲਣਾ ਯਕੀਨੀ ਬਣਾਏ ਜਾਣਾ ਆਦਿ ਸ਼ਾਮਲ ਹਨ। ਬਰਾੜ ਅਤੇ ਧਾਲੀਵਾਲ ਨੇ ਏਟਕ ਨਾਲ ਸਭ ਸੰਬੰਧਤ ਜਥੇਬੰਦੀਆਂ ਨੂੰ 14 ਜੁਲਾਈ ਦੀ ਰੈਲੀ ਨੂੰ ਸਫਲ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਹਰ ਇਕ ਜਥੇਬੰਦੀ ਵੱਲੋਂ ਆਪਣਾ ਪੂਰਾ ਜ਼ੋਰ ਲਾ ਕੇ ਲਾਮਬੰਦੀ ਵੱਲ ਵਿਸ਼ੇਸ਼ ਧਿਆਨ ਦੇ ਕੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਰੋਸ ਰੈਲੀ ਵਿੱਚ ਸ਼ਾਮਲ ਹੋਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ, ਆਪਣੇ-ਆਪਣੇ ਝੰਡੇ, ਮਾਟੋ ਲੈ ਕੇ ਆਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਰੈਲੀ ਦੀ ਤਿਆਰੀ ਲਈ ਅਤੇ ਕੁਝ ਹੋਰ ਏਜੰਡਿਆਂ ਨੂੰ ਲੈ ਕੇ 4 ਜੁਲਾਈ ਨੂੰ ਪੰਜਾਬ ਏਟਕ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਸੱਦ ਲਈ ਗਈ ਹੈ।
ਪੰਜਾਬ ਏਟਕ ਦੇ ਆਗੂਆਂ ਨੇ ਨਾਭਾ ਤਹਿਸੀਲ ਦੇ ਪਿੰਡ ਸੁੱਖੇਵਾਲ ਵਿਖੇ ਕਸ਼ਮੀਰ ਸਿੰਘ ਗਦਾਈਆ ’ਤੇ ਪਿੰਡ ਦੀ ਸਰਪੰਚ ਦੇ ਪਤੀ ਵੱਲੋਂ ਗੁੰਡਿਆ ਨੂੰ ਨਾਲ ਲੈ ਕੇ ਕੀਤੇ ਹਮਲੇ ਦੀ ਜਿਥੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ, ਉੱਥੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਸਰਪੰਚ ਦੇ ਪਤੀ ਅਤੇ ਉਸ ਦੇ ਨਾਲ ਦੇ ਵਿਅਕਤੀਆਂ ਵਿਰੁੱਧ ਢੁੱਕਵੀਆਂ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਜਾਵੇ। ਆਗੂਆਂ ਏਟਕ ਦੇ ਪਟਿਆਲਾ ਅਤੇ ਨਾਲ ਲਗਦੇ ਏਰੀਏ ਤੋਂ 30 ਜੂਨ ਨੂੰ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਇਸ ਘਟਨਾ ਦੇ ਵਿਰੋਧ ਵਿੱਚ ਨਾਭਾ ਵਿਖੇ ਮਿੰਨੀ ਸਕੱਤਰੇਤ ਦੇ ਸਾਹਮਣੇ ਗਠਿਤ ਕੀਤੇ ਗਏ ਜਬਰ ਵਿਰੋਧੀ ਫਰੰਟ ਵੱਲੋਂ ਵਿਸ਼ਾਲ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ, ਜਿਸ ਵਿੱਚ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ।





