ਸਹਾਰਨਪੁਰ : ਯੂ ਪੀ ਦੇ ਸਹਾਰਨਪੁਰ ਦੇ ਦਿਓਬੰਦ ’ਚ ਬੁੱਧਵਾਰ ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ’ਤੇ ਜਾਨਲੇਵਾ ਹਮਲਾ ਹੋਇਆ। ਹਰਿਆਣਾ ਨੰਬਰ ਦੀ ਗੱਡੀ ’ਚ ਆਏ ਹਮਲਾਵਰਾਂ ਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਇਕ ਉਨ੍ਹਾ ਦੇ ਢਿੱਡ ਨੂੰ ਛੂਹ ਕੇ ਨਿਕਲੀ। ਉਨ੍ਹਾ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ। ਹਸਪਤਾਲ ’ਚ ਉਨ੍ਹਾ ਦੇ ਹਮਾਇਤੀ ਵੱਡੀ ਗਿਣਤੀ ’ਚ ਪੁੱਜ ਗਏ ਸਨ। ਐਡਵੋਕੇਟ ਚੰਦਰਸ਼ੇਖਰ ਨੇ ਸਤੀਸ਼ ਕੁਮਾਰ ਤੇ ਵਿਨੈ ਰਤਨ ਸਿੰਘ ਨਾਲ ਮਿਲ ਕੇ 2014 ਵਿਚ ਭੀਮ ਆਰਮੀ ਦੀ ਸਥਾਪਨਾ ਕੀਤੀ ਸੀ। ਇਹ ਜਥੇਬੰਦੀ ਸਿੱਖਿਆ ਦੇ ਮਾਧਿਅਮ ਨਾਲ ਦਲਿਤ ਹਿੰਦੂਆਂ ਦੀ ਮੁਕਤੀ ਲਈ ਕੰਮ ਕਰਦੀ ਹੈ ਤੇ ਪੱਛਮੀ ਯੂ ਪੀ ਵਿਚ ਦਲਿਤਾਂ ਲਈ ਮੁਫਤ ਸਕੂਲ ਚਲਾਉਦੀ ਹੈ। ਹਮਲੇ ਦੀ ਸੂਚਨਾ ਚੰਦਰਸ਼ੇਖਰ ਦੇ ਸਿਆਸੀ ਪਾਰਟੀ ‘ਆਜ਼ਾਦ ਸਮਾਜ ਪਾਰਟੀ’ ਨੇ ਟਵੀਟ ਕਰਕੇ ਦਿੱਤੀ। ਉਸ ਨੇ ਕਿਹਾਦਿਓਬੰਦ ’ਚ ਕੌਮੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ’ਤੇ ਜਾਨਲੇਵਾ ਹਮਲਾ ਹੋਇਆ ਹੈ। ਇਹ ਬਹੁਜਨ ਮਿਸ਼ਨ ਮੂਵਮੈਂਟ ਨੂੰ ਰੋਕਣ ਦਾ ਬੁਜ਼ਦਿਲਾਨਾ ਕਾਰਾ ਹੈ। ਮੁਲਜ਼ਮਾਂ ਦੀ ਫੌਰੀ ਗਿ੍ਰਫਤਾਰੀ, ਸਖਤ ਕਾਰਵਾਈ ਤੇ ਚੰਦਰਸ਼ੇਖਰ ਆਜ਼ਾਦ ਦੀ ਸੁਰੱਖਿਆ ਦੀ ਮੰਗ ਕਰਦੇ ਹਾਂ। ਹਮਲਾਵਰਾਂ ਦੀ ਕਾਰ ਇਕ ਥਾਂ ਸੀ ਸੀ ਟੀ ਵੀ ’ਚ ਨਜ਼ਰ ਆਈ। ਪੁਲਸ ਨੇ ਕਿਹਾ ਕਿ ਹਮਲਾਵਰਾਂ ਨੂੰ ਫੜਨ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ। ਹਮਾਇਤੀਆਂ ਨੇ ਪੁਲਸ ਨੂੰ ਦੱਸਿਆ ਕਿ ਚੰਦਰਸ਼ੇਖਰ ਸਮਾਜ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਫਾਰਚੂਨਰ ਵਿਚ ਦਿਓਬੰਦ ਆਾਏ ਸਨ।




