ਲੁਸਾਨੇ : ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ 87.66 ਮੀਟਰ ਦੀ ਦੂਰੀ ’ਤੇ ਆਪਣਾ ਬਰਛਾ (ਜੈਵਲਿਨ) ਸੁੱਟ ਕੇ ਲਗਾਤਾਰ ਦੂਜੀ ਵਾਰ ਵੱਕਾਰੀ ਡਾਇਮੰਡ ਲੀਗ ਦਾ ਖਿਤਾਬ ਜਿੱਤ ਲਿਆ। ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਚੋਪੜਾ ਨੇ ਚੁਣੌਤੀਪੂਰਨ ਹਾਲਤਾਂ ’ਚ ਇਹ ਜਿੱਤ ਪ੍ਰਾਪਤ ਕੀਤੀ। 25 ਸਾਲਾ ਚੋਪੜਾ, ਜਿਸ ਨੇ ਪਿਛਲੇ ਮਹੀਨੇ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਤਿੰਨ ਵੱਡੇ ਮੁਕਾਬਲਿਆਂ ਨੂੰ ਛੱਡ ਦਿੱਤਾ ਸੀ, ਨੇ 5 ਮਈ ਨੂੰ ਦੋਹਾ ’ਚ ਸੀਜ਼ਨ-ਓਪਨਿੰਗ ਡਾਇਮੰਡ ਲੀਗ 88.67 ਮੀਟਰ ਦੇ ਆਪਣੇ ਚੌਥੇ ਕੈਰੀਅਰ ਦੇ ਸਰਵੋਤਮ ਥਰੋਅ ਨਾਲ ਜਿੱਤੀ। ਚੋਪੜਾ, ਜੋ ਆਮ ਤੌਰ ’ਤੇ ਸ਼ੁਰੂਆਤੀ ਦੌਰ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਾ ਹੈ, ਨੂੰ ਜਿੱਤ ਲਈ ਪੰਜਵੀਂ ਕੋਸ਼ਿਸ਼ ਤੱਕ ਇੰਤਜ਼ਾਰ ਕਰਨਾ ਪਿਆ। ਉਹ ਚੌਥੇ ਦੌਰ ਦੇ ਅੰਤ ਤੱਕ ਦੂਜੇ ਸਥਾਨ ’ਤੇ ਸੀ। ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਦੇ ਸਰਵੋਤਮ ਥਰੋਅ ਨਾਲ ਦੂਜੇ ਸਥਾਨ ’ਤੇ ਰਿਹਾ, ਜਦੋਂ ਕਿ ਟੋਕੀਓ ਓਲੰਪਿਕ ਦਾ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦਾ ਜੈਕਬ ਵਡਲੇਜ 86.13 ਮੀਟਰ ਨਾਲ ਤੀਜੇ ਸਥਾਨ ’ਤੇ ਰਿਹਾ।