ਮੁੰਬਈ : ਮਹਾਰਾਸ਼ਟਰ ’ਚ ਸਮੂਰਦੀ ਐੱਕਸਪ੍ਰੈੱਸ ਵੇ ’ਤੇ ਬੱਸ ਹਾਦਸੇ ’ਚ 26 ਯਾਤਰੀ ਜਿਊਂਦਾ ਸੜ ਗਏ। ਬੁਲਧਾਨਾ ਜ਼ਿਲ੍ਹੇ ’ਚ ਸ਼ਨੀਵਾਰ ਤੜਕੇ ਹੋਈ ਇਸ ਘਟਨਾ ਦੌਰਾਨ ਸੱਤ ਯਾਤਰੀ ਬਚ ਗਏ। ਇਨ੍ਹਾਂ ’ਚੋਂ ਇੱਕ ਯਾਤਰੀ ਨੇ ਇਸ ਹਾਦਸੇ ਬਾਰੇ ਦੱਸਿਆ ਕਿ ਉਸ ਨੇ ਕਿਸ ਤਰ੍ਹਾਂ ਆਪਣੀ ਜਾਨ ਬਚਾਈ। ਉਸ ਨੇ ਦੱਸਿਆ ਕਿ ਉਹ ਬੱਸ ਦਾ ਪਿਛਲਾ ਸ਼ੀਸ਼ਾ ਤੋੜ ਕੇ ਬੱਸ ਵਿਚੋਂ ਬਾਹਰ ਨਿਕਲਿਆ। ਉਥੇ ਹੀ ਇੱਕ ਹੋਰ ਸਥਾਨਕ ਨਿਵਾਸੀ ਨੇ ਦੱਸਿਆ ਕਿ ਅੱਗ ਏਨੀ ਤੇਜ਼ ਸੀ ਕਿ ਉਹ ਬੇਵੱਸ ਹੋ ਕੇ ਲੋਕਾਂ ਨੂੰ ਜਿਊਂਦਾ ਸੜਦੇ ਦੇਖਦਾ ਰਹਿ ਗਿਆ। ਜ਼ਿਕਰਯੋਗ ਹੈ ਕਿ ਨਾਗਪੁਰ ਤੋਂ ਪੁਣੇ ਜਾ ਰਹੀ ਇਹ ਨਿੱਜੀ ਯਾਤਰੀ ਬੱਸ ਰਾਤ ਨੂੰ ਡਿਵਾਇਡਰ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਮੁਤਾਬਕ ਬੱਸ ’ਚ 33 ਯਾਤਰੀ ਸਵਾਰ ਸਨ। ਹਾਦਸੇ ’ਚ 26 ਯਾਤਰੀਆਂ ਦੀ ਮੌਤ ਹੋ ਗਈ। ਹਾਦਸੇ ’ਚ ਵਾਲ-ਵਾਲ ਬਚੇ ਯਾਤਰੀ ਨੇ ਦੱਸਿਆ ਕਿ ਬੱਸ ਦਾ ਇੱਕ ਟਾਇਰ ਫਟ ਗਿਆ। ਇਸ ਦੇ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਅੱਗ ਦੀਆਂ ਲਪਟਾਂ ਚਾਰੇ ਪਾਸੇ ਫੈਲ ਗਈਆਂ। ਮੈਂ ਅਤੇ ਮੇਰੇ ਕੋਲ ਬੈਠਾ ਯਾਤਰੀ ਪਿਛਲਾ ਸ਼ੀਸ਼ਾ ਤੋੜ ਕੇ ਕਿਸੇ ਤਰ੍ਹਾਂ ਬੱਸ ’ਚੋਂ ਬਾਹਰ ਨਿਕਲੇ। ਇਸ ਯਾਤਰੀ ਮੁਤਾਬਕ ਹਾਦਸੇ ਦੇ ਕੁਝ ਹੀ ਦੇਰ ਬਾਅਰ ਪੁਲਸ ਦੀਆਂ ਟੀਮਾਂ ਅਤੇ ਫਾਇਰ ਬਿ੍ਰਗੇਡ ਘਟਨਾ ਸਥਾਨ ’ਤੇ ਪਹੁੰਚ ਗਈ। ਇੱਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਚਾਰ ਪੰਜ ਯਾਤਰੀ ਬੱਸ ਦਾ ਇੱਕ ਸ਼ੀਸ਼ਾ ਤੋੜ ਕੇ ਬਾਹਰ ਆਉਣ ’ਚ ਸਫ਼ਲ ਰਹੇ। ਪੁਲਸ ਨੇ ਦੱਸਿਆ ਕਿ ਬੱਸ ਹਾਦਸੇ ’ਚ ਕੁੱਲ ਪੰਜ ਲੋਕਾਂ ਦੀ ਜਾਨ ਬਚੀ ਅਤੇ ਉਨ੍ਹਾ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਸਾਰੇ ਲੋਕ ਸੁਰੱਖਿਅਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮਿ੍ਰਤਕਾਂ ਦੇ ਪਰਵਾਰਾਂ ਲਈ ਦੋ-ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਡਿਪਟੀ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਕਿਹਾ ਕਿ ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ਼ ਸੂਬਾ ਸਰਕਾਰ ਵੱਲੋਂ ਕਰਵਾਇਆ ਜਾਵੇਗਾ। ਬੁਲਧਾਨਾ ਦੇ ਡੀ ਐੱਮ ਨੇ ਕਿਹਾ ਕਿ ਮਿ੍ਰਤਕਾਂ ਦੀ ਪਛਾਣ ਲਈ ਡੀ ਐੱਨ ਜਾਂਚ ਕਰਵਾਈ ਜਾਵੇਗੀ। ਇਸ ਤੋਂ ਬਾਅਦ ਪਰਵਾਰ ਵਾਲਿਆ ਨੂੰ ਮਿ੍ਰਤਕ ਸਰੀਰ ਦਿੱਤੇ ਜਾਣਗੇ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ।