ਕੇਜਰੀਵਾਲ ਰਾਜਨੀਤੀ ਕਰਨ ਨਹੀਂ, ਸਗੋਂ ਰਾਜਨੀਤੀ ਬਦਲਣ ਆਏ : ਭਗਵੰਤ ਮਾਨ

0
287

ਭੂਪਾਲ : ਮੱਧ ਪ੍ਰਦੇਸ਼ ’ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾ ਕਿਹਾ ਕਿ ਕਾਂਗਰਸ ਤੁਹਾਡੀ ਵੋਟ ਵੇਚਦੀ ਹੈ। ਇਸ ਦੇ ਵਿਧਾਇਕ ਸਸਤੇ ਭਾਅ ’ਤੇ ਭਾਜਪਾ ਦੇ ਹੱਥਾਂ ’ਚ ਵਿਕਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਚੋਣਾਂ ਤੋਂ ਬਾਅਦ ਕਾਂਗਰਸ ਦਫਤਰ ’ਚ ਵਿਧਾਇਕ ਸੇਲ ਦਾ ਬੋਰਡ ਲਗਾ ਦਿੱਤਾ ਜਾਂਦਾ ਹੈ। ਪਿਛਲੀਆਂ ਚੋਣਾਂ ਤੋਂ ਬਾਅਦ ਮੱਧ ਪ੍ਰਦੇਸ਼ ’ਚ ਵੀ ਅਜਿਹਾ ਹੀ ਹੋਇਆ ਸੀ। ਉਨ੍ਹਾ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਦੀ ਨਕਲ ਕਰਦੀ ਹੈ। ਉਹ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਦੀ ਨਕਲ ਕਰਦੀ ਹੈ ਅਤੇ ਉਸ ਤੋਂ ਆਪਣਾ ਚੋਣ ਮਨੋਰਥ ਪੱਤਰ ਤਿਆਰ ਕਰਦੀ ਹੈ। ਅਰਵਿੰਦ ਕੇਜਰੀਵਾਲ ਦੀਆਂ ਆਪਣੀਆਂ ਯੋਜਨਾਵਾਂ ਹਨ, ਕਿਉਂਕਿ ਕੇਜਰੀਵਾਲ ਰਾਜਨੀਤੀ ਕਰਨ ਨਹੀਂ, ਸਗੋਂ ਰਾਜਨੀਤੀ ਬਦਲਣ ਆਏ ਹਨ।
ਕੇਜਰੀਵਾਲ ਨੇ ਦਿੱਲੀ ’ਚ ਸਿੱਖਿਆ ਅਤੇ ਸਿਹਤ ’ਚ ਕ੍ਰਾਂਤੀ ਲਿਆ ਦਿੱਤੀ। ਦਿੱਲੀ ਵਿੱਚ ਥਾਂ-ਥਾਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਅਤੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੀ ਸਿੱਖਿਆ ਅਤੇ ਸਿਹਤ ਕ੍ਰਾਂਤੀ ਤੋਂ ਏਨੇ ਘਬਰਾ ਗਏ ਕਿ ਉਨ੍ਹਾ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜ ਦਿੱਤਾ। ਉਨ੍ਹਾ ਕਿਹਾ ਕਿ ਭਾਜਪਾ ਵਾਲੇ ਸਰਕਾਰੀ ਕੰਪਨੀਆਂ ਨੂੰ ਵੇਚ ਰਹੇ ਹਨ। ਪੰਜਾਬ ’ਚ ਸਾਡੀ ਸਰਕਾਰ ਕੰਪਨੀਆਂ ਖਰੀਦ ਰਹੀ ਹੈ। ਅਸੀਂ ਅੱਜ ਇੱਕ ਨਵਾਂ ਤਾਪ ਬਿਜਲੀ ਘਰ ਖਰੀਦਣ ਦਾ ਫੈਸਲਾ ਕੀਤਾ ਹੈ, ਤਾਂ ਜੋ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਵੱਡੇ ਪੱਧਰ ’ਤੇ ਬਿਜਲੀ ਦਾ ਉਤਪਾਦਨ ਕੀਤਾ ਜਾ ਸਕੇ। ਜਨ ਸਭਾ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾ ਕਿਹਾ ਕਿ ਅੱਜ ਪੂਰਾ ਦੇਸ਼ ਵਿਆਪਮ ਘੁਟਾਲੇ ਲਈ ਮੱਧ ਪ੍ਰਦੇਸ਼ ਦੀ ਗੱਲ ਕਰ ਰਿਹਾ ਹੈ। ਪਹਿਲਾਂ ਦਿੱਲੀ ਵੀ ਘੁਟਾਲਿਆਂ ਲਈ ਮਸ਼ਹੂਰ ਸੀ। ਦਿੱਲੀ ਨੂੰ ਕਾਮਨਵੈਲਥ ਅਤੇ ਸੀ ਐੱਨ ਜੀ ਘੁਟਾਲੇ ਵਜੋਂ ਜਾਣਿਆ ਜਾਂਦਾ ਸੀ, ਪਰ ਸਾਡੀ ਸਰਕਾਰ ਬਣਨ ਤੋਂ ਬਾਅਦ ਹੁਣ ਦਿੱਲੀ ਦੀ ਗੱਲ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਲਈ ਹੋ ਰਹੀ ਹੈ। ਉਹਨਾ ਬਿਜਲੀ ਦੇ ਮੁੱਦੇ ’ਤੇ ਮੱਧ ਪ੍ਰਦੇਸ਼ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਮੱਧ ਪ੍ਰਦੇਸ਼ ’ਚ ਬਿਜਲੀ ਬਹੁਤ ਮਹਿੰਗੀ ਹੈ ਅਤੇ ਹਰ ਰੋਜ਼ ਸੱਤ-ਅੱਠ ਘੰਟੇ ਦੇ ਕੱਟ ਲੱਗਦੇ ਹਨ। ਦਿੱਲੀ ’ਚ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਅਤੇ 24 ਘੰਟੇ ਬਿਜਲੀ ਹੈ। ਪੰਜਾਬ ’ਚ ਵੀ ਸਾਡੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋਣੇ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ। ਮੱਧ ਪ੍ਰਦੇਸ਼ ’ਚ ਵੀ ਸਾਡੀ ਸਰਕਾਰ ਬਣਨ ’ਤੇ ਸਾਰੇ ਲੋਕਾਂ ਨੂੰ ਮੁਫਤ ਅਤੇ 24 ਘੰਟੇ ਬਿਜਲੀ ਮਿਲੇਗੀ।

LEAVE A REPLY

Please enter your comment!
Please enter your name here