ਜਲੰਧਰ (ਗਿਆਨ ਸੈਦਪੁਰੀ)
‘ਭਾਰਤ ਦੀ ਸਿਆਸਤ ਦੀ ਮੌਜੂਦਾ ਸਥਿਤੀ ਬੜੀ ਗੁੰਝਲਦਾਰ ਹੈ। ਭਾਜਪਾ ਇਸ ਸਥਿਤੀ ਨੂੰ ਆਪਣੇ ਹੱਕ ਵਿੱਚ ਵਰਤਣ ਦਾ ਹਰ ਕੋਝਾ ਹੱਥਕੰਡਾ ਵਰਤ ਕੇ ਵੱਖ-ਵੱਖ ਭਾਈਚਾਰਿਆਂ ਵਿੱਚ ਦੁਫੇੜ ਪਾ ਕੇ ਸਦੀਵੀ ਤੌਰ ’ਤੇ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀ ਹੈ। ਅਜਿਹੀਆਂ ਸਿਆਸੀ ਅਤੇ ਸਮਾਜੀ ਪ੍ਰਸਥਿਤੀਆ ਵਿੱਚ ਭਾਰਤ ਦੀਆਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਸੋਮਵਾਰ ਪਾਰਟੀ ਦਫ਼ਤਰ ਜਲੰਧਰ ਵਿੱਚ ਰਣਜੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਕਾਮਰੇਡ ਬਰਾੜ ਨੇ ਹੁਣੇ ਜਿਹੇ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੇ ਇੱਕ ਮੰਚ ’ਤੇ ਇਕੱਠੇ ਹੋਣ ਦੇ ਯਤਨ ਦੇ ਹਵਾਲੇ ਨਾਲ ਕਿਹਾ ਕਿ ਇਸ ਉਪਰਾਲੇ ਨੂੰ ਭਾਰਤੀ ਸਿਆਸਤ ਲਈ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਇਸ ਵੇਲੇ ਭਾਜਪਾ ਦਾ ਵਿਰੋਧੀ ਪਾਰਟੀਆਂ ਨੂੰ ਤੋੜਨ ਦਾ ਪੂਰਾ ਤਾਣ ਲੱਗਾ ਹੋਇਆ ਹੈ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗਿਆਂ ਦਾ ਭਾਜਪਾ ਵਿੱਚ ਚਲੇ ਜਾਣ ਦਾ ਵਰਤਾਰਾ ਅਸੀਂ ਦੇਖ ਚੁੱਕੇ ਹਾਂ। ਅਜੀਤ ਪਵਾਰ ਵੱਲੋਂ ਆਪਣੀ ਪਾਰਟੀ ਨੂੰ ਛੱਡ ਕੇ ਭਾਜਪਾ ਦੀ ਗੋਦੀ ਵਿੱਚ ਜਾ ਬੈਠਣਾ ਉਕਤ ਵਰਤਾਰੇ ਦੀ ਲਗਾਤਾਰਤਾ ਹੈ। ਇਸ ਲਈ ਭਾਜਪਾ ਦੀ ਵਿਰੋਧੀ ਪਾਰਟੀਆਂ ਨੂੰ ਤੋੜਨ ਦੀ ਚਲਾਈ ਮੁਹਿੰਮ ਦੌਰਾਨ ਆਪੋਜੀਸ਼ਨ ਦਾ ਬੜਾ ਮਹੱਤਵਪੂਰਨ ਰੋਲ ਬਣ ਜਾਂਦਾ ਹੈ। ਇਸ ਰੋਲ ਨੂੰ ਨਿਭਾਉਣ ਦਾ ਝਲਕਾਰਾ ਪਟਨਾ ਮੀਟਿੰਗ ਸਮੇਂ ਨਜ਼ਰੀਂ ਵੀ ਪਿਆ ਹੈ। ਕਮਿਊਨਿਸਟ ਆਗੂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਟਨਾ ਮੀਟਿੰਗ ਵਿੱਚ ਨਿਭਾਈ ਸ਼ੱਕੀ ਤੇ ਦੋਗਲੀ ਨੀਤੀ ਦੀ ਨਿੰਦਾ ਕਰਦਿਆਂ ਫਿਰ ਦੁਹਰਾਇਆ ਕਿ ‘ਆਪ’ ਭਾਜਪਾ ਦੀ ਹੀ ਦੂਜੀ ਟੀਮ ਹੈ। ਇਹ ਦੋਵੇਂ ਪਾਰਟੀਆਂ ਇੱਕ-ਦੂਸਰੇ ਲਈ ਕੰਮ ਕਰ ਰਹੀਆਂ ਹਨ। ਬਰਾੜ ਨੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ ਹਾਂ-ਪੱਖੀ ਦਿਸਦੇ ਨਤੀਜਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘੱਟ ਪੜ੍ਹੇ-ਲਿਖੇ ਹੋਣ ਦੀ ਸ਼ੁਰਲੀ ਛੱਡ ਦਿੱਤੀ ਸੀ। ਜਦੋਂ ਕਦੇ ਵੀ ਮੋਦੀ ਕਿਸੇ ਮਸਲੇ ’ਤੇ ਘਿਰ ਜਾਂਦੇ ਹਨ ਤਾਂ ਕੇਜਰੀਵਾਲ ਮੋਦੀ ਦਾ ਅਖੌਤੀ ਵਿਰੋਧ ਕਰਕੇ ਦੇਸ਼ ਦੇ ਲੋਕਾਂ ਦਾ ਧਿਆਨ ਦੂਸਰੇ ਪਾਸੇ ਕਰਨ ਦਾ ਕੰਮ ਕਰਦਾ ਹੈ।
ਕਮਿਊਨਿਸਟ ਆਗੂ ਨੇ ਪਿੱਛੇ ਜਿਹੇ ਕਰਨਾਟਕਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹੋਈ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਦਾ ਜਾਦੂ ਟੁੱਟ ਗਿਆ ਹੈ। ਭਾਜਪਾ ਵੀ ਇਸ ਗੱਲ ਨੂੰ ਜਾਣ ਗਈ ਹੈ, ਇਸ ਕਰਕੇ ਮੋਦੀ ਦਾ ਬਦਲ ਲੱਭੇ ਜਾਣ ਦੀਆਂ ਕਨਸੋਆਂ ਵੀ ਹਨ। ਕਾਮਰੇਡ ਬਰਾੜ ਨੇ ਮਨੀਪੁਰ ਦੀ ਤਰਾਸਦਿਕ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਵੀ ਦੋ ਮੁੱਖ ਫਿਰਕਿਆਂ ਅੰਦਰ ਭਾਜਪਾ ਵੱਲੋਂ ਫੈਲਾਈ ਨਫ਼ਰਤੀ ਜ਼ਹਿਰ ਨੇ ਬਦਤਰ ਹਾਲਾਤ ਪੈਦਾ ਕੀਤੇ।
ਪੰਜਾਬ ਦੀ ਗੱਲ ਕਰਦਿਆ ਬਰਾੜ ਨੇ ਕਿਹਾ ਕਿ ਬਿਜਲੀ ਬਿੱਲਾਂ ਦੀ ਮਾਫ਼ੀ ਅਤੇ ਔਰਤਾਂ ਦੇ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਨੇ ਲੋਕਾਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਤ ਕੀਤਾ ਹੈ, ਪਰ ਪੰਜਾਬ ਦੇ ਲੋਕਾਂ ਦੀਆਂ ਪੰਜਾਬ ਵਿੱਚ ਬਦਲਾਅ ਦੀਆਂ ਆਸਾਂ ਨੂੰ ਅਜੇ ਤੱਕ ਬੂਰ ਪੈਦਾ ਨਜ਼ਰ ਨਹੀਂ ਆ ਰਿਹਾ। ਗੈਂਗਸਟਰਾਂ ਦਾ ਕਹਿਰ ਵੀ ਜਾਰੀ ਹੈ ਤੇ ਨਾਜਾਇਜ਼ ਮਾਈਨਿੰਗ ਦਾ ਧੰਦਾ ਵੀ ਜਾਰੀ ਹੈ।
ਜ਼ਿਲ੍ਹਾ ਕੌਂਸਲ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਰਘਬੀਰ ਸਿੰਘ ਅਤੇ ਸੋਹਣ ਲਾਲ ਬਾਂਸਲ (ਮੁਹਾਲੀ) ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਵਿਸ਼ੇਸ਼ ਫੰਡ ਮੁਹਿੰਮ, ਖੇਤ ਮਜ਼ਦੂਰ ਸਭਾ ਅਤੇ ਕਿਸਾਨ ਸਭਾ ਦੀਆਂ ਹੋਣ ਵਾਲੇ ਸੂਬਾਈ ਅਜਲਾਸਾਂ ਅਤੇ ਪਾਰਟੀ ਸਕੂ�ਿਗ ਦੇ ਏਜੰਡਿਆਂ ’ਤੇ ਵੀ ਚਰਚਾ ਹੋਈ। ਜ਼ਿਲ੍ਹਾ ਸਕੱਤਰ ਰਛਪਾਲ ਕੈਲੇ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਾਰੇ ਕੌਂਸਲ ਮੈਂਬਰਾਂ ਦਾ ਧੰਨਵਾਦ ਕੀਤਾ।
ਜਿਲ੍ਹਾ ਕੌਂਸਲ ਦੀ ਮੀਟਿੰਗ ਵਿੱਚ ਸੰਤੋਸ਼ ਬਰਾੜ, ਅਵਤਾਰ ਸਿੰਘ ਤਾਰੀ, ਤਰਸੇਮ ਜੰਡਿਆਲਾ, ਮਹਿੰਦਰ ਪਾਲ ਮੁਹਾਲੀ, ਚਰਨਜੀਤ ਥੰਮੂਵਾਲ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਮੌਜੀ, ਭਾਗ ਰਾਮ ਚਿੱਟੀ, ਰਾਜੇਸ਼ ਥਾਪਾ, ਪ੍ਰੇਮ ਮੁਠੱਡਾ, ਸੰਦੀਪ ਦੌਲੀਕੇ, ਸਿਕੰਦਰ ਸੰਧੂ, ਕੁਲਦੀਪ ਬਹਿਰਾਮ ਆਦਿ ਸ਼ਾਮਲ ਸਨ।





