ਇੰਫਾਲ : ਮਨੀਪੁਰ ਦੇ ਇੰਫਾਲ ਵੈਸਟ ਜ਼ਿਲ੍ਹੇ ’ਚ ਵੀਰਵਾਰ ਨੂੰ ਸਕੂਲ ਦੇ ਬਾਹਰ ਇੱਕ ਮਹਿਲਾ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੱਕ ਦਿਨ ਪਹਿਲਾਂ ਹੀ ਇੱਥੇ ਸਕੂਲ ਖੁੱਲ੍ਹੇ ਸਨ। ਹਾਲਾਤ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਇੰਟਰਨੈੱਟ ’ਤੇ ਪਾਬੰਦੀ 5 ਦਿਨ ਹੋਰ ਵਧਾ ਦਿੱਤੀ ਹੈ। ਸੂਬੇ ’ਚ 64 ਦਿਨਾ ਤੋਂ ਕੂਕੀ ਅਤੇ ਮੈਤੇਈ ਭਾਈਚਾਰੇ ਦੇ ਲੋਕਾਂ ਵਿਚਾਲੇ ਹਿੰਸਾ ਜਾਰੀ ਹੈ। ਹੁਣ ਤੱਕ 135 ਤੋਂ ਵੱਧ ਲੋਕ ਇਸ ਹਿੰਸਾ ’ਚ ਆਪਣੀ ਜਾਨ ਗੁਆ ਚੁੱਕੇ ਹਨ ਅਤੇ 400 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਚੁੱਕੇ ਹਨ। ਮਣੀਪੁਰ ਸਰਕਾਰ ਨੇ 8ਵੀਂ ਤੱਕ ਦੇ ਸਕੂਲ ਖੋਲ੍ਹਣ ਦਾ ਆਦੇਸ਼ ਦਿੱਤਾ ਸੀ। ਨੌਵੀਂ ਤੋਂ 12ਵੀਂ ਤੱਕ ਦੇ ਸਕੂਲ ਅਤੇ ਕਾਲਜਾਂ ਨੂੰ ਹਾਲੇ ਨਹੀਂ ਖੋਲ੍ਹਿਆ ਜਾਵੇਗਾ। ਇਨ੍ਹਾਂ ਸਕੂਲਾਂ ’ਚ ਰਾਹਤ ਕੈਂਪ ਲੱਗੇ ਹਨ। ਕੈਂਪਾਂ ’ਚ ਲੱਗਭੱਗ 50 ਹਜ਼ਾਰ ਤੋਂ ਜ਼ਿਆਦਾ ਲੋਕ ਰਹਿ ਰਹੇ ਹਨ। ਇਸੇ ਦੌਰਾਨ ਨਵੀਂ ਦਿੱਲੀ ’ਚ ਗ੍ਰਹਿ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਚੇਅਰਮੈਨ ਵੱਲੋਂ ਮਨੀਪੁਰ ਦੀ ਸਥਿਤੀ ’ਤੇ ਚਰਚਾ ਕਰਵਾਉਣ ਦੀ ਮੰਗ ਨੂੰ ਰੱਦ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੀਰਵਾਰ ਮੀਟਿੰਗ ਵਿਚੋਂ ਵਾਕਆਊਟ ਕਰ ਦਿੱਤਾ। ਤਿ੍ਰਣਮੂਲ ਕਾਂਗਰਸ ਦੇ ਡੈਰੇਕ ਓ’ ਬ੍ਰਾਇਨ ਅਤੇ ਕਾਂਗਰਸ ਦੇ ਦਿਗਵਿਜੇ ਸਿੰਘ ਤੇ ਪ੍ਰਦੀਪ ਭੱਟਾਚਾਰੀਆ ਨੇ ‘ਜੇਲ੍ਹ ਦੀ ਸਥਿਤੀ, ਬੁਨਿਆਦੀ ਢਾਂਚਾ ਅਤੇ ਸੁਧਾਰ’ ਵਿਸ਼ੇ ’ਤੇ ਵਿਚਾਰ ਕਰਨ ਲਈ ਰੱਖੀ ਮੀਟਿੰਗ ਦੌਰਾਨ ਕਮੇਟੀ ਦੇ ਚੇਅਰਮੈਨ ਬਿ੍ਰਜ ਲਾਲ ਨੂੰ ਮਨੀਪੁਰ ਬਾਰੇ ਪੱਤਰ ਸੌਂਪਿਆ। ਪੱਤਰ ’ਚ ਕਿਹਾ ਗਿਆ ਸੀ ਕਿ ਮੈਂਬਰ ਮਨੀਪੁਰ ਦੀ ਸਥਿਤੀ ਨੂੰ ਨਜਰਅੰਦਾਜ਼ ਨਹੀਂ ਕਰ ਸਕਦੇ। ਮੀਟਿੰਗ ’ਚ ਚੇਅਰਮੈਨ ਸਮੇਤ ਸੱਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਚੇਅਰਮੈਨ ਨੇ ਮਨੀਪੁਰ ਦੀ ਸਥਿਤੀ ’ਤੇ ਤੁਰੰਤ ਚਰਚਾ ਕਰਨ ’ਚ ਅਸਮਰਥਤਾ ਪ੍ਰਗਟਾਈ। ਇਸ ਕਾਰਨ ਵਿਰੋਧੀ ਧਿਰ ਦੇ ਮੈਂਬਰ ਮੀਟਿੰਗ ਵਿੱਚੋਂ ਬਾਹਰ ਆ ਗਏ।


