ਨਵੀਂ ਦਿੱਲੀ : ਰਾਏਬਰੇਲੀ ਦੇ ਗਦਾਗੰਜ ਇਲਾਕੇ ’ਚ ਸ਼ਨੀਵਾਰ ਸਵੇਰੇ ਤਲਾਬ ’ਚ ਨਹਾਉਣ ਲਈ ਗਏ ਅੱਠ ਬੱਚਿਆਂ ’ਚੋਂ ਪੰਜ ਡੁੱਬ ਗਏ। ਰੌਲਾ ਸੁਣ ਕੇ ਉਥੇ ਪਹੁੰਚੇ ਪਿੰਡ ਵਾਸੀਆਂ ਨੇ ਤਿੰਨ ਬੱਚਿਆਂ ਨੂੰ ਬਚਾਅ ਲਿਆ। ਸਾਰੇ ਬੱਚੇ ਪਹਿਲਾਂ ਮੀਂਹ ’ਚ ਨਹਾ ਰਹੇ ਸਨ, ਫਿਰ ਨਹਾਉਣ ਲਈ ਤਲਾਬ ’ਚ ਚਲੇ ਗਏ। ਇਸ ਦੌਰਾਨ ਡੂੰਘੇ ਪਾਣੀ ਅਤੇ ਦਲਦਲ ਕਾਰਨ ਡੁੱਬ ਗਏ। ਹਾਦਸੇ ਦੀ ਖ਼ਬਰ ਲੱਗਦੇ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਮਰਨ ਵਾਲੇ ਬੱਚਿਆਂ ਦੀ ਉਮਰ ਸੱਤ ਤੋਂ 12 ਸਾਲ ਦੇ ਵਿਚਾਲੇ ਦੱਸੀ ਗਈ ਹੈ। ਨਹਾਉਂਦੇ ਸਮੇਂ ਇੱਕ ਬੱਚਾ ਜਦ ਡੁੱਬਣ ਲੱਗਾ ਤਾਂ ਉਸ ਦੇ ਬਾਕੀ ਸਾਥੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ’ਚ ਮੌਤ ਦੀ ਆਗੋਸ਼ ’ਚ ਚਲੇ ਗਏ। ਬੱਚਿਆਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਦੌੜ ਕੇ ਉਥੇ ਪਹੁੰਚੇ ਤੇ ਤਿੰਨ ਬੱਚਿਆਂ ਨੂੰ ਬਚਾਅ ਲਿਆ, ਪਰ ਪੰਜ ਬੱਚੇ ਡੁੱਬ ਗਏ। ਡੁੱਬਣ ਵਾਲੇ ਬੱਚਿਆਂ ਦੀ ਪਛਾਣ ਰਿਤੂ, ਸੋਨਮ, ਅਮਿਤ, ਵੈਸ਼ਾਲੀ ਤੇ ਰੂਪਾਲੀ ਦੇ ਤੌਰ ’ਤੇ ਹੋਈ ਹੈ।




