ਪੁਣੇ : ਡੀ ਆਰ ਡੀ ਓ ਵਿਗਿਆਨੀ ਪ੍ਰਦੀਪ ਕੁਰੂਲਕਰ ਪਾਕਿਸਤਾਨੀ ਜਾਸੂਸ ’ਤੇ ਫਿਦਾ ਹੋ ਗਏ ਸਨ। ਉਨ੍ਹਾ ਨੇ ‘ਜ਼ਾਰਾ ਦਾਸਗੁਪਤਾ’ ਨਾਂਅ ਦੀ ਏਜੰਟ ਦੇ ਨਾਲ ਕਈ ਖੁਫੀਆ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਸਨ। ਇਸ ’ਚ ਖੁਫੀਆ ਰੱਖਿਆ ਯੋਜਨਾਵਾਂ ਤੋਂ ਇਲਾਵਾ ਭਾਰਤੀ ਮਿਜ਼ਾਇਲ ਸਿਸਟਮ ਬਾਰੇ ਗੱਲਬਾਤ ਵੀ ਸ਼ਾਮਲ ਸੀ। ਇਹ ਦੋਸ਼ ਕੁਰੂਲਕਰ ਖਿਲਾਫ਼ ਦਾਖ਼ਲ ਦੋਸ਼ ਪੱਤਰ ’ਚ ਲਗਾਏ ਹਨ। ਮਹਾਰਾਸ਼ਟਰ ਪੁਲਸ ਦੇ ਅੱਤਵਾਦ ਨਿਰੋਧਕ ਦਸਤੇ (ਏ ਟੀ ਐੱਸ) ਨੇ ਬੀਤੇ ਹਫ਼ਤੇ ਕੋਰਟ ’ਚ ਕੁਰੂਲਕਰ ਖਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ। ਕੁਰੂਲਕਰ ਪੁਣੇ ’ਚ ਰੱਖਿਆ ਕੇਂਦਰ ਅਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਦੀ ਇੱਕ ਪ੍ਰਯੋਗਸ਼ਾਲਾ ਦੇ ਨਿਰਦੇਸ਼ਕ ਸਨ। ਵਿਗਿਆਨੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਹੁਣ ਉਹ ਨਿਆਂਇਕ ਹਿਰਾਸਤ ’ਚ ਹੈ। ਦੋਸ਼ ਪੱਤਰ ਮੁਤਾਬਕ ਕੁਰੂਲਕਰ ਅਤੇ ‘ਜ਼ਾਰਾ ਦਾਸਗੁਪਤਾ’ ਵਟਸਅਪ ਜ਼ਰੀਏ ਸੰਪਰਕ ’ਚ ਰਹਿਣ ਦੇ ਨਾਲ-ਨਾਲ ਵਾਇਸ ਅਤੇ ਵੀਡੀਓ ਕਾਲ ਜ਼ਰੀਏ ਵੀ ਗੱਲਬਾਤ ਕਰਦੇ ਸਨ। ਏ ਟੀ ਐੱਸ ਨੇ ਦੋਸ਼ ਪੱਤਰ ’ਚ ਕਿਹਾ ਕਿ ਇਸ ਪਾਕਿਸਤਾਨੀ ਜਾਸੂਸ ਨੇ ਦਾਅਵਾ ਕੀਤਾ ਸੀ ਕਿ ਉਹ ਬਿ੍ਰਟੇਨ ’ਚ ਰਹਿੰਦੀ ਹੈ ਅਤੇ ਸਾਫਟਵੇਅਰ ਇੰਜੀਨੀਅਰ ਹੈ। ਉਸ ਨੇ ਕੁਰੂਲਕਰ ਨੂੰ ਅਸ਼ਲੀਲ ਸੰਦੇਸ਼ ਅਤੇ ਵੀਡੀਓ ਭੇਜ ਕੇ ਉਸ ਨਾਲ ਦੋਸਤੀ ਕੀਤੀ। ਜਾਂਚ ਦੌਰਾਨ ਉਸ ਦਾ ਆਈ ਪੀ ਐਡਰੈਸ ਪਾਕਿਸਤਾਨ ਦਾ ਪਾਇਆ ਗਿਆ।
ਕੁਰੂਲਕਰ ਦੀਆਂ ਗਤੀਵਿਧੀਆਂ ਸ਼ੱਕੀ ਪਾਏ ਜਾਣ ਤੋਂ ਬਾਅਦ ਡੀ ਆਰ ਡੀ ਓ ਨੇ ਜਾਂਚ ਸ਼ੁਰੂ ਕੀਤੀ। ਇਸ ਤੋਂ ਠੀਕ ਪਹਿਲਾਂ ਉਨ੍ਹਾ ਨੇ ਫਰਵਰੀ 2023 ’ਚ ਜ਼ਾਰਾ ਦਾ ਨੰਬਰ ਬਲਾਕ ਕਰ ਦਿੱਤਾ ਸੀ। ਇਸ ਤੋਂ ਬਾਅਦ ਕੁਰੂਲਕਰ ਨੂੰ ਇੱਕ ਅਣਪਛਾਤੇ ਭਾਰਤੀ ਨੰਬਰ ਤੋਂ ਵਟਸਐਪ ’ਤੇ ਮੈਸੇਜ ਮਿਲਿਆ ਕਿ ਤੁਸੀਂ ਮੇਰਾ ਨੰਬਰ ਕਿਉਂ ਬਲਾਕ ਕਰ ਦਿੱਤਾ। ਦੋਸ਼ ਪੱਤਰ ਮੁਤਾਬਕ ਗੱਲਬਾਤ ਦੇ ਰਿਕਾਰਡ ਤੋਂ ਪਤਾ ਚੱਲਿਆ ਕਿ ਕੁਰੂਲਕਰ ਨੇ ਪਾਕਿਸਤਾਨੀ ਏਜੰਟ ਦੇ ਨਾਲ ਆਪਣਾ ਨਿੱਜੀ ਅਤੇ ਅਧਿਕਾਰਤ ਪ੍ਰੋਗਰਾਮ ਅਤੇ ਸਥਾਨ ਸਾਂਝਾ ਕੀਤਾ।





