ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰਨ ਦੇ ਆਪੋਜ਼ੀਸ਼ਨ ਆਗੂਆਂ ਦੇ ਜਤਨਾਂ ਨੂੰ ਤਾਕਤ ਮਿਲੀ, ਜਦੋਂ 17-18 ਜੁਲਾਈ ਨੂੰ ਬੇਂਗਲੁਰੂ ਵਿਚ ਹੋਣ ਵਾਲੀ ਦੂਜੀ ਮੀਟਿੰਗ ’ਚ 8 ਹੋਰ ਪਾਰਟੀਆਂ ਨੇ ਹਿੱਸਾ ਲੈਣ ਦੀ ਹਾਮੀ ਭਰੀ। ਇਸ ਤਰ੍ਹਾਂ ਮੀਟਿੰਗ ’ਚ 25 ਪਾਰਟੀਆਂ ਦੇ ਆਗੂਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਮੀਟਿੰਗ ਦੇ ਪਹਿਲੇ ਦਿਨ ਸੋਨੀਆ ਗਾਂਧੀ ਨੇ ਆਮ ਆਦਮੀ ਪਾਰਟੀ ਸਣੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਰਾਤ ਦੇ ਖਾਣੇ ਦੀ ਦਾਅਵਤ ’ਤੇ ਸੱਦਿਆ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਹਿਲੀ ਮੀਟਿੰਗ 23 ਜੂਨ ਨੂੰ ਪਟਨਾ ’ਚ ਸੱਦੀ ਸੀ। ਇਸ ’ਚ ਆਮ ਆਦਮੀ ਪਾਰਟੀ ਨੇ ਦਿੱਲੀ ’ਚ ਅਫਸਰਾਂ ਦੀ ਟਰਾਂਸਫਰ-ਪੋਸਟਿੰਗ ਨੂੰ ਲੈ ਕੇ ਕੇਂਦਰ ਦੇ ਆਰਡੀਨੈਂਸ ਖਿਲਾਫ ਕਾਂਗਰਸ ਦੇ ਸਟੈਂਡ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕਾਂਗਰਸ ਨੇ ਹਮਾਇਤ ਨਾ ਦਿੱਤੀ ਤਾਂ ਉਹ ਦੂਜੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ।
ਪਟਨਾ ਦੀ ਮੀਟਿੰਗ ’ਚ 17 ਪਾਰਟੀਆਂ ਸ਼ਾਮਲ ਹੋਈਆਂ ਸਨ। ਬੇਂਗਲੁਰੂ ਮੀਟਿੰਗ ਲਈ ਮਰੂਮਲਾਰਚੀ ਦ੍ਰਾਵਿੜ ਮੁਨੇਤਰ ਕੜਗਮ (ਐੱਮ ਡੀ ਐੱਮ ਕੇ), ਕੋਂਗੂ ਦੇਸਾ ਮੱਕਲ ਕਾਚੀ (ਕੇ ਡੀ ਐੱਮ ਕੇ), ਵਿਦੁਥਲਾਈ ਚਿਰੂਥਿਗਲ ਕਾਚੀ (ਵੀ ਸੀ ਕੇ), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ ਐੱਸ ਪੀ), ਆਲ ਇੰਡੀਆ ਫਾਰਵਰਡ ਬਲਾਕ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਕੇਰਲਾ ਕਾਂਗਰਸ (ਜੋਸੇਫ) ਤੇ ਕੇਰਲਾ ਕਾਂਗਰਸ (ਮਣੀ) ਨੇ ਹਾਮੀ ਭਰੀ ਹੈ। ਇਨ੍ਹਾਂ ਵਿੱਚੋਂ ਕੇ ਡੀ ਐੱਮ ਕੇ ਤੇ ਐੱਮ ਡੀ ਐੱਮ ਕੇ ਨੇ 2014 ਦੀਆਂ ਲੋਕ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜੀਆਂ ਸਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਗੂਆਂ ਨੂੰ ਅਗਲੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਘੱਲਿਆ ਹੈ। ਖੜਗੇ ਨੇ ਆਪਣੀ ਚਿੱਠੀ ਵਿਚ ਲਿਖਿਆ ਹੈਪਟਨਾ ਦੀ ਮੀਟਿੰਗ ਸਾਡੇ ਲਈ ਵੱਡੀ ਸਫਲਤਾ ਸੀ, ਕਿਉਕਿ ਅਸੀਂ ਆਪਣੀ ਜਮਹੂਰੀ ਸਿਆਸਤ ਨੂੰ ਖਤਰੇ ਵਿਚ ਪਾਉਣ ਵਾਲੇ ਮੁੱਦਿਆਂ ’ਤੇ ਚਰਚਾ ਕਰ ਸਕੇ ਅਤੇ ਅਗਲੀਆਂ ਚੋਣਾਂ ਇਕਜੁਟ ਹੋ ਕੇ ਲੜਨ ਲਈ ਸਹਿਮਤ ਹੋਏ। ਇਸ ਲਈ ਅਸੀਂ ਜੁਲਾਈ ’ਚ ਫਿਰ ਮਿਲਣ ’ਤੇ ਵੀ ਸਹਿਮਤ ਹੋਏ। ਮੇਰੀ ਰਾਇ ਹੈ ਕਿ ਇਨ੍ਹਾਂ ਚਰਚਿਆਂ ਨੂੰ ਜਾਰੀ ਰੱਖਣਾ ਅਤੇ ਅਸੀਂ ਜਿਹੜੀ ਰਫਤਾਰ ਦਿੱਤੀ ਹੈ, ਉਸ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਵੰਗਾਰਾਂ ਦਾ ਦੇਸ਼ ਸਾਹਮਣਾ ਕਰ ਰਿਹਾ ਹੈ, ਸਾਨੂੰ ਉਨ੍ਹਾਂ ਦਾ ਹੱਲ ਲੱਭਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ 17 ਜੁਲਾਈ ਨੂੰ ਸ਼ਾਮ 6 ਵਜੇ ਬੇਂਗਲੁਰੂ ਵਿਚ ਰਾਤ ਦੀ ਦਾਅਵਤ ਦੇ ਬਾਅਦ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਵੋ। ਮੀਟਿੰਗ 18 ਜੁਲਾਈ ਨੂੰ ਸਵੇਰੇ 11 ਵਜੇ ਤੋਂ ਜਾਰੀ ਰਹੇਗੀ। ਬੇਂਗਲੁਰੂ ਵਿਚ ਤੁਹਾਨੂੰ ਮਿਲਣ ਲਈ ਉਤਸੁਕ ਹਾਂ।




