ਸਰਕਾਰੀ ਹਮਲੇ ਨੂੰ ਕਿਰਤੀ ਲੋਕਾਂ ਦਾ ਏਕਾ ਤੇ ਸੰਘਰਸ਼ ਹੀ ਪਛਾੜ ਸਕਦੈ : ਜਗਰੂਪ

0
224

ਮੋਗਾ (ਅਮਰਜੀਤ ਬੱਬਰੀ)-‘ਨਰੇਗਾ ਦੀ ਰਾਖੀ ਕਰਨ ਲਈ ਲਾਮਬੰਦੀ ਕਰਨੀ ਮਜ਼ਦੂਰਾਂ ਦੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਨੇ ਕਸ਼ਮੀਰ ਸਿੰਘ ਗਦਾਈਆ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਪੇਂਡੂ ਕਿਰਤੀਆਂ ਦੇ ਹੱਕ ਵਿੱਚ ਬਣੇ ਇਸ ਕਾਨੂੰਨ ਨੂੰ ਖਤਮ ਕਰਨ ਲਈ ਇੱਕੋ ਜਿੰਨੀਆਂ ਉਤਾਵਲੀਆਂ ਦਿਖਾਈ ਦੇ ਰਹੀਆਂ ਹਨ। ਇਹਨਾਂ ਲੋਕ ਵਿਰੋਧੀ ਸਰਕਾਰਾਂ ਦੇ ਹਮਲੇ ਨੂੰ ਕਿਰਤੀ ਲੋਕਾਂ ਦਾ ਏਕਾ ਅਤੇ ਸਹੀ ਦਿਸ਼ਾ ਵੱਲ ਕੀਤਾ ਸੰਘਰਸ਼ ਹੀ ਪਛਾੜ ਸਕਦਾ ਹੈ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜਗਸੀਰ ਖੋਸਾ ਨੇ ਕਿਹਾ ਕਿ ਸਰਕਾਰ ਸਰਕਾਰ ਅਤੇ ਅਫਸਰਸਾਹੀ ਨਰੇਗਾ ਨੂੰ ਕਾਨੂੰਨੀ ਤਰੀਕੇ ਨਾਲ ਚਲਾਉਣ ਦੀ ਬਜਾਏ ਆਪਣੇ ਹੀ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਕਾਰਨ ਨਰੇਗਾ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੈ। ਉਹਨਾ ਕਿਹਾ ਕਿ ਜੇਕਰ ਸਰਕਾਰ ਨੇ ਮੀਂਹ ਦੇ ਦਿਨਾਂ ਤੋਂ ਪਹਿਲਾਂ ਹੀ ਅਗਾਊਂ ਪ੍ਰਬੰਧ ਕਰਦਿਆਂ ਡਰੇਨਾਂ, ਛੱਪੜਾਂ ਆਦਿ ਦੀ ਸਫਾਈ ਕੀਤੀ ਹੁੰਦੀ ਤਾਂ ਜਿਥੇ ਇਸ ਨਾਲ ਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਦਾ, ਉਥੇ ਇਸ ਸਥਿਤੀ ਤੋਂ ਵੀ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਸੀ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਪਾਸੇ ਪਹਿਲਾਂ ਕੋਈ ਧਿਆਨ ਨਹੀਂ ਹੁੰਦਾ, ਬਲਕਿ ਨੁਕਸਾਨ ਕਰਵਾ ਕੇ ਹੀ ਇਹਨਾਂ ਦੀ ਅੱਖ ਖੁੱਲ੍ਹਦੀ ਹੈ। ਮੀਟਿੰਗ ਦੌਰਾਨ ਵਿਚਾਰਿਆ ਗਿਆ ਕਿ ਪਿਛਲੇ ਦਿਨੀਂ ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ’ਤੇ ਹੋਏ ਹਮਲੇ ਅਤੇ ਬੋਲੇ ਜਾਤੀਸੂਚਕ ਸ਼ਬਦਾਂ ਦੇ ਸੰਬੰਧ ਵਿੱਚ ਜੇਕਰ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿੱਚ ਟਾਲ-ਮਟੋਲ ਕਰਦਾ ਹੈ ਤਾਂ ਇਸ ਸੰਬੰਧੀ ਪੰਜਾਬ ਪੱਧਰੀ ਐਕਸ਼ਨ ਕੀਤਾ ਜਾਵੇਗਾ। ਮੀਟਿੰਗ ਦੌਰਾਨ 25-26 ਜੁਲਾਈ ਨੂੰ ਨਰੇਗਾ ਵਰਕਰ ਫੈਡਰੇਸਨ (ਏਟਕ) ਦੀ ਚੰਡੀਗੜ੍ਹ ਵਿਖੇ ਹੋ ਰਹੀ ਨੈਸ਼ਨਲ ਕਮੇਟੀ ਦੀ ਮੀਟਿੰਗ ਦੀਆਂ ਤਿਆਰੀਆਂ ਲਈ ਸਾਥੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ। ਅਗਸਤ ਵਿੱਚ ਜ਼ਿਲ੍ਹਿਆਂ ਤੱਕ ਦੀਆਂ ਕਾਨਫਰੰਸਾਂ ਮੁਕੰਮਲ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ, ਨਰੇਗਾ ਤਹਿਤ 200 ਦਿਨਾਂ ਦੀ ਗਰੰਟੀ ਕਰਨ, ਦਿਹਾੜੀ ਰੇਟ 700 ਕਰਵਾਉਣ, ਕੰਮ ਵਾਲੀ ਥਾਂ ’ਤੇ ਫਸਟ ਏਡ ਬਾਕਸ, ਛਾਂ ਦਾ ਪ੍ਰਬੰਧ ਅਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨੂੰ ਅਮਲੀ ਰੂਪ ਵਿਚ ਲਾਗੂ ਕਰਵਾਉਣ, ਮੇਟਾਂ ਲਈ ਸਕਿਲਡ ਦਿਹਾੜੀ ਰੇਟ ਲਾਗੂ ਕਰਵਾਉਣ ਅਤੇ ਕੰਮ ਵਾਲੀ ਥਾਂ ’ਤੇ ਹਾਦਸਾ ਵਾਪਰਨ ਦੀ ਸੂਰਤ ਵਿੱਚ ਐੱਕਸ ਗਰੇਸੀਆ ਗਰਾਂਟ ਵਧਾ ਕੇ 5 ਲੱਖ ਕਰਵਾਉਣ ਆਦਿ ਮੰਗਾਂ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਬੋਹੜ ਸਿੰਘ ਸੁਖਨਾ, ਬਿੰਦਰ ਸਿੰਘ, ਸ਼ੇਰ ਸਿੰਘ ਦੌਲਤਪੁਰਾ, ਕੁਲਦੀਪ ਭੋਲਾ, ਸਰਬਜੀਤ ਕੌਰ ਖੋਸਾ, ਬਲਬੀਰ ਸਿੰਘ ਔਲਖ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here