ਅਖੇ, ਹੁਣ ਢੇਡ ਵੀ ਸਾਨੂੰ ਸਵਾਲ ਕਰਨਗੇ?

0
380

ਸ਼ਾਹਕੋਟ (ਗਿਆਨ ਸੈਦਪੁਰੀ)-ਸਰਕਾਰਾਂ ਵੱਲੋਂ ਗਰੀਬ ਲੋਕਾਂ ਦੇ ਭਲੇ ਲਈ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨ ਦੌਰਾਨ ਹੁੰਦੇ ਘਪਲੇ ਅਕਸਰ ਚਰਚਾ ’ਚ ਰਹਿੰਦੇ ਹਨ। ਬੇਘਰੇ ਤੇ ਬੇਜ਼ਮੀਨੇ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਸਕੀਮ ਵੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਇਸ ਸਕੀਮ ਅੰਦਰ ਵੀ ਪੇਂਡੂ ਧਨਾਢਾਂ ਦਾ ਗਰੀਬਾਂ ਤੇ ਖਾਸ ਕਰਕੇ ਦਲਿਤਾਂ ’ਤੇ ਦਾਬੇ ਦੀ ਸਿਆਸਤ ਦਾ ਵਰਤਾਰਾ ਵੇਖਣ-ਸੁਣਨ ਨੂੰ ਮਿਲ ਜਾਂਦਾ ਹੈ। ਇਸ ਵਰਤਾਰੇ ਦਾ ਇੱਕ ਨਮੂਨਾ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਖੂਹੀਆਂ ਸਰਵਰ ਦੇ ਪਿੰਡ ਬੋਦੀਵਾਲਾ ਪਿੱਥਾ ਵਿੱਚ ਸਾਹਮਣੇ ਆਇਆ ਹੈ। ਇੱਥੇ ਬਹੁਤ ਸਾਰੇ ਲਾਭਪਤਾਰੀਆਂ ਨੂੰ ਸਾਰਟੀਫਿਕੇਟ ਤਾਂ 5-5 ਮਰਲੇ ਦੇ ਜਾਰੀ ਕੀਤੇ ਗਏ ਹਨ, ਪਰ ਮਿਣਤੀ ਵਿੱਚ ਇਹ ਸਾਢੇ ਤਿੰਨ-ਤਿੰਨ ਮਰਲੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 14- 12- 2022 ਨੂੰ ਗਠਿਤ ਕੀਤੀ ਗਈ ਸਬ-ਕਮੇਟੀ ਨਾਲ ਲੰਘੇ ਜੂਨ ਮਹੀਨੇ ਵਿੱਚ ਪੰਜਾਬ ਭਵਨ ਚੰਡੀਗੜ੍ਹ ਵਿੱਚ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਉੱਚ ਅਧਿਕਾਰੀ ਸ਼ਾਮਲ ਸਨ। ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ 15 ਨੁਮਾਇੰਦਿਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਸੀ। ਮੀਟਿੰਗ ਵਿੱਚ ਜਥੇਬੰਦੀਆਂ ਦੀਆਂ ਮੰਗਾਂ ’ਤੇ ਵਿਸਥਾਰ ਨਾਲ ਚਰਚਾ ਹੋਈ ਸੀ। ਇਸ ਮੀਟਿੰਗ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਧਿਆਨ ਵਿੱਚ ਲਿਆਂਦਾ ਸੀ ਕਿ ਫਾਜ਼ਿਲਕਾ ਦੇ ਬਲਾਕ ਖੂਹੀਆਂ ਸਰਵਰ ਦੇ ਪਿੰਡ ਬੋਦੀਵਾਲਾ ਪਿੱਥਾ ਵਿੱਚ ਮਜ਼ਦੂਰਾਂ ਨੂੰ 5-5 ਮਰਲੇ ਦੀ ਥਾਂ ਸਾਢੇ ਤਿੰਨ- ਤਿੰਨ ਮਰਲੇ ਦੇ ਪਲਾਟ ਦਿੱਤੇ ਗਏ ਹਨ। ਸਬ-ਕਮੇਟੀ ਦੇ ਮੈਂਬਰ ਹਰਪਾਲ ਸਿੰਘ ਚੀਮਾ ਨੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਫਾਜ਼ਿਲਕਾ ਦੇ ਸੰਬੰਧਤ ਅਧਿਕਾਰੀਆਂ ਪਾਸੋਂ ਮਾਮਲੇ ਦੀ ਜਾਣਕਾਰੀ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਕਾਫੀ ਸਮਾਂ ਬੀਤ ਜਾਣ ’ਤੇ ਕੋਈ ਕਾਰਵਾਈ ਅਮਲ ਵਿੱਚ ਨਾ ਆਉਂਦੀ ਵੇਖ ਕੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਦੀ ਹਦਾਇਤ ’ਤੇ ਪੰਜਾਬ ਖੇਤ ਮਜ਼ਦੂਰ ਸਭਾ ਦਾ ਵਫਦ ਖੂਹੀਆਂ ਸਰਵਰ ਦੇ ਬੀ ਡੀ ਪੀ ਓ ਗਗਨਦੀਪ ਕੌਰ ਨੂੰ ਮਿਲਣ ਉਪਰੰਤ ਪਿੰਡ ਬੋਦੀਵਾਲਾ ਪਿੱਥਾ ਪਹੁੰਚਿਆ। ਮਾਮਲੇ ਦੇ ਸੰਬੰਧ ਵਿੱਚ ਪਰਮੋਦ ਕੁਮਾਰ (ਬੋਦੀਵਾਲਾ ਪਿੱਥਾ) ਤੇ ਹੋਰਨਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਪਰਮੋਦ ਕੁਮਾਰ ਵੀ ਉਨ੍ਹਾਂ ਗਰੀਬ ਮਜ਼ਦੂਰਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਸਰਟੀਫਿਕੇਟ ਤਾਂ ਪੰਜ-ਪੰਜ ਮਰਲੇ ਦੇ ਜਾਰੀ ਕੀਤੇ ਗਏ, ਪਰ ਪਲਾਟ ਸਾਢੇ ਤਿੰਨ-ਤਿੰਨ ਮਰਲੇ ਦੇ ਹਨ। ਪਤਾ ਲੱਗਾ ਕਿ ਬਹੁਤਿਆਂ ਨੇ ਤਾਂ ਜੋ ਮਿਲਿਆ ਉਹੀ ਸਵੀਕਾਰ ਕਰ ਲਿਆ, ਪਰ ਪਰਮੋਦ ਕੁਮਾਰ ਨੇ ਇਸ ਬੇਇਨਸਾਫੀ ਵਿਰੁੱਧ ਡਟਣ ਦਾ ਫੈਸਲਾ ਕਰ ਲਿਆ। ਇਸ ਫੈਸਲੇ ਤਹਿਤ ਪਰਮੋਦ ਨੇ ਪਿੰਡ ਦੇ ਸਰਪੰਚ ਨੂੰ ਇਸ ਘਾਲੇ-ਮਾਲੇ ਸੰਬੰਧੀ ਸਵਾਲ ਕੀਤਾ ਤਾਂ ਸਰਪੰਚ ਅੰਦਰਲਾ ਜਾਤੀ ਹੰਕਾਰ ਤੇ ਦਾਬੇ ਦੀ ਸਿਆਸਤ ਦਾ ਫੰਨ੍ਹ ਉੱਠ ਖੜਾ ਹੋਇਆ। ਉਸ ਨੇ ਆਖਿਆ, ‘ਹੁਣ ਢੇਡ ਸਾਨੂੰ ਸਵਾਲ ਕਰਨਗੇ? ’ ਇਹ ਕਹਿੰਦਿਆਂ ਉਸ ਨੇ ਤੇ ਉਸ ਦੇ ਹਮਾਇਤੀਆਂ ਨੇ ਪਰਮੋਦ ਤੇ ਉਸ ਦੇ ਭਰਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪਿੰਡ ਪਹੁੰਚੇ ਮਜ਼ਦੂਰ ਆਗੂਆਂ ਨੂੰ ਪਰਮੋਦ ਨੇ ਦੱਸਿਆ ਕਿ ਕੁੱਟਮਾਰ ਤੇ ਜਾਤੀ ਸੂਚਿਕ ਸ਼ਬਦਾਂ ਸੰਬੰਧੀ ਥਾਣਾ ਖੂਹੀ ਖੇੜਾ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਤੋਂ ਵੱਧ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਪਰਮੋਦ ਦੀ ਵਿਥਿਆ ਸੁਣਨ ਉਪਰੰਤ ਮਜ਼ਦੂਰ ਆਗੂ ਸੰਬੰਧਤ ਥਾਣੇਦਾਰ ਗੁਰਦੀਪ ਸਿੰਘ ਨੂੰ ਵੀ ਮਿਲੇ। ਥਾਣੇਦਾਰ ਨੇ ਪਰਮੋਦ ਦਾ ਨਵੇਂ ਸਿਰਿਓਂ ਬਿਆਨ ਲਿਖ ਲਿਆ।
ਜ਼ਿਕਰਯੋਗ ਹੈ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਕੈਬਨਿਟ ਸਬ-ਕਮੇਟੀ ਨਾਲ ਅਗਲੀ ਮੀਟਿੰਗ 20 ਜੁਲਾਈ ਦੀ ਤੈਅ ਹੈ। ਇਸ ਮੀਟਿੰਗ ਵਿੱਚ ਪਹਿਲਾਂ ਉਠਾਏ ਗਏ ਸਵਾਲਾਂ ਦੇ ਮਾਮਲੇ ਵਿੱਚ ਹੋਈ ਪ੍ਰਗਤੀ ਦੱਸੀ ਜਾਣੀ ਹੈ। ਬੋਦੀਵਾਲਾ ਪਿੱਥਾ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਪ੍ਰਗਤੀ ਨਹੀਂ ਹੋਈ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਪ੍ਰਗਤੀ ਨਾ ਹੋਣ ਕਰਕੇ ਸਖਤ ਕਦਮ ਚੁੱਕਿਆਂ ਜਾਵੇਗਾ। ਇਸ ਦੀ ਜ਼ਿੰਮੇਵਾਰੀ ਫਾਜ਼ਿਲਕਾ ਦੇ ਸੰਬੰਧਤ ਅਧਿਕਾਰੀਆਂ ਦੀ ਹੋਵੇਗੀ। ਬੀ ਡੀ ਪੀ ਓ ਖੂਹੀਆਂ ਸਰਵਰ ਨੇ ਮਿਲਣ ਮੌਕੇ ਵਫਦ ਨੂੰ ਭਰੋਸਾ ਦਿੱਤਾ ਸੀ ਕਿ ਮਾਮਲੇ ਨੂੰ ਘੋਖ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖਣ ਤੋਂ ਪਹਿਲਾਂ ਇਸ ਪੱਤਰਕਾਰ ਨੇ ਬੀ ਡੀ ਪੀ ਓ ਨੂੰ ਫੋਨ ਕੀਤਾ, ਪਰ ਉਨ੍ਹਾ ਫੋਨ ਨਹੀ ਉਠਾਇਆ।
ਸਾਰੇ ਮਾਮਲੇ ਨੂੰ ਜਾਨਣ ਲਈ ਗਏ ਮਜ਼ਦੂਰ ਆਗੂਆਂ ਦੇ ਵਫਦ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਨਾਨਕ ਚੰਦ ਲੰਬੀ ਮੀਤ ਸਕੱਤਰ, ਰਿਸ਼ੀਪਾਲ ਖੁੱਭਣ ਮੀਤ ਪ੍ਰਧਾਨ, ਕਿਸਾਨ ਆਗੂ ਵਜ਼ੀਰ ਚੰਦ ਸੱਪਾਂਵਾਲੀ, ਮਹਿੰਦਰ ਸਿੰਘ ਘਮਿਆਰਾ ਤੇ ਪ੍ਰੀਤਮ ਸਿੰਘ ਘਮਿਆਰਾ ਸ਼ਾਮਲ ਸਨ।

LEAVE A REPLY

Please enter your comment!
Please enter your name here