31.4 C
Jalandhar
Friday, July 1, 2022
spot_img

ਅਸਾਮ ‘ਚ ਵੀ ਫਰਜ਼ੀ ਮੁਠਭੇੜਾਂ ਦਾ ਦੌਰ

ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਫਰਜ਼ੀ ਮੁਠਭੇੜ ਬਣਾ ਕੇ ਮਾਰੇ ਜਾਣ ਵਾਲੇ ਕਥਿਤ ਅਪਰਾਧੀਆਂ ਦਾ ਹੜ੍ਹ ਜਿਹਾ ਆ ਗਿਆ ਸੀ | ਆਏ ਦਿਨ ਕਿਤੇ ਨਾ ਕਿਤੇ ਅਜਿਹੀ ਘਟਨਾ ਵਾਪਰ ਜਾਂਦੀ ਸੀ | ਹੁਣ ਇਹੋ ਹਨੇ੍ਹਰਗਰਦੀ ਦਾ ਦੌਰ ਅਸਾਮ ਵਿੱਚ ਸ਼ੁਰੂ ਹੋ ਚੁੱਕਾ ਹੈ |
ਇੱਕ ਰਿੱਟ ਪਟੀਸ਼ਨ ਦੇ ਜਵਾਬ ਵਿੱਚ ਅਸਾਮ ਸਰਕਾਰ ਨੇ ਗੁਹਾਟੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਮਈ 2021 ਤੋਂ ਲੈ ਕੇ ਹੁਣ ਤੱਕ ਅਸਾਮ ਪੁਲਸ ਰਾਹੀਂ ਕਈ ਹਾਲਤਾਂ ਵਿੱਚ 51 ਲੋਕ ਮਾਰੇ ਗਏ ਹਨ | ਦਿੱਲੀ ਦੇ ਇੱਕ ਵਕੀਲ ਤੇ ਸਮਾਜਕ ਕਾਰਕੁੰਨ ਆਰਿਫ਼ ਜਵਾਦਰ ਨੇ ਅਦਾਲਤ ਵਿੱਚ ਦਾਇਰ ਅਰਜ਼ੀ ਰਾਹੀਂ ਮੁਠਭੇੜਾਂ ਦੀ ਸੀ ਬੀ ਆਈ ਜਾਂ ਕਿਸੇ ਦੂਜੇ ਰਾਜ ਦੀ ਪੁਲਸ ਰਾਹੀਂ ਜਾਂਚ ਕਰਾਉਣ ਲਈ ਅਦਾਲਤੀ ਆਦੇਸ਼ ਦੀ ਮੰਗ ਕੀਤੀ ਸੀ | ਉਨ੍ਹਾ ਫਰਜ਼ੀ ਮੁਠਭੇੜਾਂ ਦੀ ਸ਼ਨਾਖਤ ਹੋਣ ਉੱਤੇ ਪੀੜਤ ਪਰਵਾਰਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ | ਇਸ ਤੋਂ ਵੀ ਵੱਧ ਉਨ੍ਹਾ ਲਿਖਿਆ ਸੀ ਕਿ ਪੁਲਸ ਕੋਲ ਕਿਸੇ ਨੂੰ ਮਾਰਨ ਦਾ ਲਸੰਸ ਨਹੀਂ ਹੁੰਦਾ | ਉਸ ਦਾ ਕੰਮ ਅਪਰਾਧੀਆਂ ਨੂੰ ਫੜ ਕੇ ਨਿਆਂਪਾਲਿਕਾ ਸਾਹਮਣੇ ਲਿਆਉਣਾ ਹੁੰਦਾ ਹੈ |
ਇਸ ਰਿੱਟ ਪਟੀਸ਼ਨ ਉੱਤੇ ਅਦਾਲਤ ਵੱਲੋਂ ਦਿੱਤੇ ਆਦੇਸ਼ ਉੱਤੇ ਗ੍ਰਹਿ ਵਿਭਾਗ ਵੱਲੋਂ ਦਾਖ਼ਲ ਕੀਤੇ ਹਲਫਨਾਮੇ ਅਨੁਸਾਰ ਮਈ 2021 ਤੋਂ ਭਾਜਪਾ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦੇ ਅਹੁਦਾ ਸੰਭਾਲਣ ਬਾਅਦ 13 ਮਹੀਨਿਆਂ ਵਿੱਚ ਪੁਲਸ ਕਾਰਵਾਈ ਦੀਆਂ 161 ਘਟਨਾਵਾਂ ਹੋਈਆਂ ਹਨ | ਇਨ੍ਹਾਂ ਵਿੱਚ 51 ਵਿਅਕਤੀ ਮਾਰੇ ਗਏ ਤੇ 139 ਹੋਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ |
ਹਲਫਨਾਮੇ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਲੋਕ ਪੁਲਸ ਹਿਰਾਸਤ ਵਿੱਚ ਮਾਰੇ ਗਏ, ਜਿਵੇਂ ਇੱਕ ਅਪਰਾਧੀ ਪੁਲਸ ਮੁਲਾਜ਼ਮ ਦੀ ਬੰਦੂਕ ਖੋਹ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਕਾਰਨ ਮਾਰਿਆ ਗਿਆ, ਕੁਝ ਹੋਰਨਾਂ ਦੇ ਪੈਰਾਂ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ | ਕੁਝ ਕੇਸਾਂ ਵਿੱਚ ਜਦੋਂ ਅਪਰਾਧੀਆਂ ਨੂੰ ਵਾਰਦਾਤ ਵਾਲੀ ਥਾਂ ਲਿਜਾਇਆ ਗਿਆ ਤਾਂ ਉਹ ਪੁਲਸ ਦੀਆਂ ਗੱਡੀਆਂ ਦੀ ਲਪੇਟ ਵਿੱਚ ਆਉਣ ਕਾਰਨ ਮਾਰੇ ਗਏ |
ਜਵਾਦਰ ਨੇ ਇਸ ਤੋਂ ਪਹਿਲਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ | ਉਨ੍ਹਾ ਕਿਹਾ ਸੀ ਕਿ ਮੁਠਭੇੜ ਸਮੇਂ ਪੀੜਤ ਨਿਹੱਥੇ ਸਨ ਤੇ ਉਨ੍ਹਾਂ ਦੇ ਹੱਥਕੜੀਆਂ ਲੱਗੀਆਂ ਹੋਈਆਂ ਸਨ | ਜਿਹੜੇ ਵਿਅਕਤੀ ਮਾਰੇ ਗਏ ਜਾਂ ਜ਼ਖਮੀ ਹੋਏ, ਉਹ ਕੋਈ ਖੂੰਖਾਰ ਅਪਰਾਧੀ ਜਾਂ ਅੱਤਵਾਦੀ ਨਹੀਂ ਸਨ |
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਪਿਛਲੇ ਸਾਲ 10 ਮਈ ਨੂੰ ਅਹੁਦਾ ਸੰਭਾਲਿਆ ਸੀ | ਉਨ੍ਹਾਂ ਅਹੁਦਾ ਸੰਭਾਲਣ ਤੋਂ ਬਾਅਦ ਹੋਈਆਂ ਕਈ ਮੁਠਭੇੜਾਂ ਨੂੰ ਸਹੀ ਠਹਿਰਾਉਂਦਿਆਂ ਕਿਹਾ ਸੀ ਕਿ ਜੇਕਰ ਅਪਰਾਧੀ ਭੱਜਣ ਦੀ ਕੋਸ਼ਿਸ਼ ਕਰਦੇ ਹਨ ਜਾਂ ਪੁਲਸ ਕੋਲੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮੁਠਭੇੜ ਵਾਲਾ ਤਰੀਕਾ ਹੋਣਾ ਚਾਹੀਦਾ ਹੈ | ਸਰਮਾ ਨੇ ਅਸਾਮ ਦੇ ਸਾਰੇ ਥਾਣਿਆਂ ਦੇ ਮੁਖੀਆਂ ਦੀ ਮੀਟਿੰਗ ਲਾ ਕੇ ਕਿਹਾ ਸੀ, ”ਜੇਕਰ ਕੋਈ ਅਪਰਾਧੀ ਤੁਹਾਡੀ ਬੰਦੂਕ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਨੂੰਨ ਅਜਿਹੇ ਲੋਕਾਂ ਦੇ ਪੈਰਾਂ ਵਿੱਚ ਗੋਲੀ ਮਾਰਨ ਦੀ ਇਜਾਜ਼ਤ ਦਿੰਦਾ ਹੈ | ਜਦੋਂ ਕੋਈ ਮੈਨੂੰ ਪੁੱਛਦਾ ਹੈ ਕਿ ਕੀ ਰਾਜ ਵਿੱਚ ਮੁਠਭੇੜ ਪੈਟਰਨ ਬਣ ਗਿਆ ਹੈ ਤਾਂ ਮੈਂ ਕਹਿੰਦਾ ਹਾਂ ਕਿ ਜੇ ਅਪਰਾਧੀ ਪੁਲਸ ਹਿਰਾਸਤ ਵਿੱਚੋਂ ਭੱਜਣ ਦਾ ਜਤਨ ਕਰਦਾ ਹੈ ਤਾਂ ਮੁਠਭੇੜ ਦਾ ਪੈਟਰਨ ਹੋਣਾ ਚਾਹੀਦਾ ਹੈ |”
ਅਸਲ ਵਿੱਚ ਇਹ ਇੱਕ ਸੰਦੇਸ਼ ਸੀ, ਜੋ ਪੁਲਸ ਥਾਣਿਆਂ ਦੇ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੀ ਕਿ ਤੁਹਾਨੂੰ ਖੁੱਲ੍ਹੀ ਛੁੱਟੀ ਹੈ ਤੇ ਅਪਰਾਧੀਆਂ ਲਈ ਨਿਆਂਇਕ ਅਧਿਕਾਰੀ ਵੀ ਤੁਸੀਂ ਹੀ ਹੋ | ਮੁੱਖ ਮੰਤਰੀ ਦੀ ਇਸ ਖੁੱਲ੍ਹੀ ਛੁੱਟੀ ਤੋਂ ਬਾਅਦ ਫਰਜ਼ੀ ਮੁਠਭੇੜਾਂ ਇੱਕ ਆਮ ਗੱਲ ਹੋ ਗਈ ਸੀ | ਫਾਸ਼ੀਵਾਦੀ ਵਿਚਾਰਧਾਰਾ ਵਾਲੇ ਲੋਕ ਹਮੇਸ਼ਾ ਤੋਂ ਹੀ ਪੁਲਸ ਰਾਜ ਉੱਤੇ ਟੇਕ ਰੱਖਦੇ ਹਨ | ਫਾਸ਼ੀਵਾਦ ਅਸਲ ਵਿੱਚ ਹੁੰਦਾ ਹੀ ਪੁਲਸ ਰਾਜ ਹੈ | ਉਹ ਲੋਕਾਂ ਵਿੱਚ ਦਹਿਸ਼ਤ ਪਾ ਕੇ ਆਪਣੀ ਸੱਤਾ ਨੂੰ ਕਾਇਮ ਰੱਖਦੇ ਹਨ | ਭਾਜਪਾ ਦੇ ਰਾਜ ਵਾਲੇ ਹਰ ਸੂਬੇ ਵਿੱਚ ਹੀ ਇਹ ਢੰਗ ਲਾਗੂ ਕੀਤਾ ਜਾ ਰਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles