ਪਟਿਆਲਾ : ਵੀਰਵਾਰ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਸੰਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ/ ਬੀ ਸੀ, ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਦੀ ਹੰਗਾਮੀ ਮੀਟਿੰਗ ਹੋਈ। ਇਸ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਦਰਿਆ ਵਿੱਚ ਚੰਡੀਗੜ੍ਹ ਡਿਪੂ ਦੀ ਬੱਸ ਰੁੜ੍ਹ ਜਾਣ ਕਾਰਨ ਡਰਾਈਵਰ ਅਤੇ ਕੰਡਕਟਰ ਦੀ ਹੋਈ ਮੌਤ ਦੇ ਸੰਬੰਧ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਂ ਬਲਦੇਵ ਰਾਜ, ਜਰਨੈਲ ਸਿੰਘ, ਨਸੀਬ ਚੰਦ, ਤਰਸੇਮ ਸਿੰਘ ਅਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਪੀ ਆਰ ਟੀ ਸੀ ਚੰਡੀਗੜ੍ਹ ਡਿਪੂ ਦੀ 9 ਜੁਲਾਈ ਨੂੰ ਮਨਾਲੀ ਲਈ ਰਵਾਨਾ ਹੋਈ ਬੱਸ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮੰਡੀ ਅਤੇ ਪੰਡੋਹ ਡੈਮ ਦੇ ਵਿਚਕਾਰ ਕਿਸੇ ਜਗ੍ਹਾ ’ਤੇ ਦਰਿਆ ਵਿਚ ਰੁੜ੍ਹ ਕੇ ਘਟਨਾਗ੍ਰਸਤ ਹੋ ਗਈ। ਇਸ ਘਟਨਾ ਵਿੱਚ ਡਰਾਈਵਰ-ਕੰਡਕਟਰ ਦੀਆਂ ਡੁੱਬ ਜਾਣ ਨਾਲ ਹੋਈਆਂ ਮੌਤਾਂ ਵਿਚੋਂ ਭਾਵੇਂ ਅਜੇ ਡਰਾਈਵਰ ਸਤਿਗੁਰ ਸਿੰਘ ਦੀ ਮੌਤ ਦੀ ਪੁਸ਼ਟੀ ਹੋਈ ਹੈ, ਪਰ ਕੰਡਕਟਰ ਜਗਸੀਰ ਸਿੰਘ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ, ਖਦਸ਼ਾ ਇਹੀ ਹੈ ਕਿ ਉਹ ਵੀ ਬਚ ਨਹੀਂ ਸਕਿਆ ਹੋਵੇਗਾ, ਕਿਉਂਕਿ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਐਕਸ਼ਨ ਕਮੇਟੀ ਦੇ ਆਗੂਆਂ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਅਤੇ ਅਫਸੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਡਕਟਰ ਜਗਸੀਰ ਸਿੰਘ ਦਾ ਪਤਾ ਲਾਉਣ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾਣ ਅਤੇ ਮਿ੍ਰਤਕ ਸਤਿਗੁਰ ਸਿੰਘ ਦੇ ਪਰਵਾਰ ਨੂੰ 50 ਲੱਖ ਰੁਪਏ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਪਰਵਾਰ ਦੇ ਇੱਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਮਿ੍ਰਤਕ ਦੇ ਆਸ਼ਰਤਾਂ ਨੂੰ ਫੈਮਲੀ ਪੈਨਸ਼ਨ ਦਿੱਤੀ ਜਾਵੇ, ਕਿਉਂਕਿ ਐਕਸ਼ਨ ਕਮੇਟੀ ਸਮਝਦੀ ਹੈ ਕਿ ਹੜ੍ਹਾਂ ਕਾਰਨ ਬਣੇ ਖਤਰਨਾਕ ਹਾਲਤਾਂ ਵਿੱਚ ਜਿਹੜੇ ਡਰਾਈਵਰ-ਕੰਡਕਟਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਆਪਣੀ ਡਿਊਟੀ ਕਰਨ ਦਾ ਫਰਜ਼ ਨਿਭਾ ਰਹੇ ਸਨ, ਉਹਨਾਂ ਦੀ ਕੁਰਬਾਨੀ ਕੋਈ ਛੋਟੀ ਕੁਰਬਾਨੀ ਨਹੀਂ। ਇਸ ਕਰਕੇ ਸਰਕਾਰ ਵੱਲੋਂ ਤੁਰੰਤ ਮੁਆਵਜੇ ਸਮੇਤ ਪਰਵਾਰ ਲਈ ਦੂਸਰੀਆਂ ਸਹੂਲਤਾਂ ਦਾ ਬਿਨਾਂ ਦੇਰੀ ਐਲਾਨ ਹੋਣਾ ਚਾਹੀਦਾ ਹੈ। ਐਕਸ਼ਨ ਕਮੇਟੀ ਵਲੋਂ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੂੰ ਕਿਹਾ ਗਿਆ ਕਿ ਮਿ੍ਰਤਕ ਦੇ ਪਰਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਵਰਕਰਾਂ ਦੀ ਸੇਫਟੀ ਦੇ ਪੁਖਤਾ ਪ੍ਰਬੰਧ ਵੀ ਹੋਣੇ ਚਾਹੀਦੇ ਹਨ।





