ਨਵੀਂ ਦਿੱਲੀ : ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਤਿਆਰੀ ’ਚ ਲੱਗ ਗਈ ਹੈ। ਇਹੀ ਕਾਰਨ ਹੈ ਕਿ ਸ਼ਨੀਵਾਰ ਨੂੰ ਇੱਕ ਅਹਿਮ ਮੀਟਿੰਗ ਬੁਲਾਈ ਗਈ। ਅਸਲ ’ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਦਿੱਲੀ ’ਚ ਏ ਆਈ ਸੀ ਸੀ ਮੁੱਖ ਦਫ਼ਤਰ ’ਚ ਉਤਰ-ਪੂਰਬੀ ਸੂਬਿਆਂ ਦੇ ਕਾਂਗਰਸ ਨੇਤਾਵਾਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ ਤੇ ਨਾਲ ਹੀ ਪਾਰਟੀ ਨੂੰ ਇਸ ਖੇਤਰ ’ਚ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ, ਇਸ ’ਤੇ ਵਿਚਾਰ ਕੀਤਾ ਗਿਆ। ਮੀਟਿੰਗ ’ਚ ਸ਼ਾਮਲ ਨੇਤਾਵਾਂ ’ਚ ਮਨੀਪੁਰ ਦੀ ਹਿੰਸਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ। ਕਾਂਗਰਸ ਮੁੱਖ ਦਫ਼ਤਰ ’ਚ ਹੋਈ ਮੀਟਿੰਗ ’ਚ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਸਿੱਕਮ, ਤਿ੍ਰਪੁਰਾ ਅਤੇ ਨਾਗਾਲੈਂਡ ਦੇ ਪਾਰਟੀ ਮੁਖੀ ਅਜੈ ਕੁਮਾਰ, ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਾਮ ਸਿੰਘ ਤੋਂ ਇਲਾਵਾ ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਤਿ੍ਰਪੁਰਾ ਅਤੇ ਸਿੱਕਮ ਦੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਾਮਲ ਹੋਏ। ਕਾਂਗਰਸ ਨੇ ਟਵੀਟ ਕਰਕੇ ਕਿਹਾ ਕਿ ਇਸ ਮੀਟਿੰਗ ’ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਕੀਤੀ ਗਈ। ਨਾਰਥ-ਈਸਟ ਦੇ ਅੱਠ ਸੂਬਿਆਂ ’ਚ 25 ਲੋਕ ਸਭਾ ਸੀਟਾਂ ਹਨ, ਜਿਨ੍ਹਾ ’ਚੋਂ ਅਸਾਮ ’ਚ ਸਭ ਤੋਂ ਜ਼ਿਆਦਾ 14 ਸੀਟਾਂ ਹਨ। ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਨੀਪੁਰ ਅਤੇ ਤਿ੍ਰਪੁਰਾ ’ਚ ਲੋਕ ਸਭਾ ਦੀਆਂ ਦੋ-ਦੋ ਸੀਟਾਂ ਹਨ, ਉਥੇ ਹੀ ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਦੀ ਗੱਲ ਕਰੀਏ ਤਾਂ ਇਨ੍ਹਾਂ ਸੂਬਿਆਂ ’ਚ ਇੱਕ-ਇੱਕ ਸੀਟ ਹੈ। ਮਿਜ਼ੋਰਮ ’ਚ ਇਸ ਸਾਲ ਦੇ ਅੰਤ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਭਾਜਪਾ ਦੇ ਨਾਲ-ਨਾਲ ਕਾਂਗਰਸ ਨੇ ਵੀ ਕਮਰ ਕੱਸ ਲਈ ਹੈ।





