ਨਵੀਂ ਦਿੱਲੀ : ਯਮੁਨਾ ’ਚ ਆਏ ਪਾਣੀ ਨਾਲ ਦਿੱਲੀ ’ਚ ਹਾਹਾਕਾਰ ਮਚਿਆ ਹੈ। ਆਈ ਟੀ ਓ, ਰਾਜਘਾਟ, ਲਾਲ ਕਿਲ੍ਹਾ, ਕਸ਼ਮੀਰੀ ਗੇਟ ਸਮੇਤ ਕਈ ਇਲਾਕੇ ਪਾਣੀ ’ਚ ਡੁੱਬੇ ਪਏ ਹਨ। ਹੇਠਲੇ ਇਲਾਕਿਆਂ ’ਚ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੜਕ ਕਿਨਾਰੇ ਸਹਾਰਾ ਲੈਣਾ ਪਿਆ। ਸਰਕਾਰ ਅਤੇ ਪ੍ਰਸ਼ਾਸਨਿਕ ਅਮਲਾ ਰਾਹਤ ਬਚਾਅ ਕੰਮ ’ਚ ਲੱਗਾ ਹੈ। ਨਾਲ ਹੀ ਹੁਣ ਇਸ ਮੁੱਦੇ ’ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਦਿੱਲੀ ਡੁੱਬੀ ਨਹੀਂ, ਡੋਬੀ ਗਈ ਹੈ। ਆਪ ਸਾਂਸਦ ਸੰਜੈ ਸਿੰਘ, ਮੰਤਰੀ ਸੌਰਭ ਭਾਰਦਵਾਜ, ਮੁੱਖ ਮੰਤਰੀ ਕੇਜਰੀਵਾਲ ਸਮੇਤ ਕਈ ਨੇਤਾਵਾਂ ਨੇ ਕਿਹਾ ਕਿ ਸਾਜ਼ਿਸ਼ ਤਹਿਤ ਦਿੱਲੀ ’ਚ ਏਨਾ ਪਾਣੀ ਛੱਡਿਆ ਗਿਆ ਕਿ ਅੱਜ ਰਾਸ਼ਟਰੀ ਰਾਜਧਾਨੀ ਦੇ ਇਹ ਹਾਲਾਤ ਹੋ ਗਏ ਹਨ। ‘ਆਪ’ ਨੇ ਦਿੱਲੀ ’ਚ ਹੜ੍ਹ ਦੇ ਹਾਲਾਤ ਪਿੱਛੇ ਭਾਜਪਾ ਅਤੇ ਕੇਂਦਰ ਸਰਕਾਰ ਦੀ ਡੂੰਘੀ ਸਾਜ਼ਿਸ਼ ਦੱਸਿਆ। ਆਪ ਦਾ ਕਹਿਣਾ ਹੈ ਕਿ ਨਫ਼ਰਤ ਦੇ ਚਲਦੇ 9 ਤੋਂ 13 ਜੁਲਾਈ ਤੱਕ ਸਾਰਾ ਪਾਣੀ ਦਿੱਲੀ ਵੱਲ ਛੱਡਿਆ ਗਿਆ। ਦਿੱਲੀ ਵਾਲਿਆਂ ਨੂੰ ਦਿੱਲੀ ’ਚ ਅਰਵਿੰਦ ਕੇਜਰੀਵਾਲ ਨੂੰ ਜਿਤਾ ਦਿੱਤਾ ਅਤੇ ਐੱਮ ਸੀ ਡੀ ’ਚ ਵੀ ‘ਆਪ’ ਦੀ ਸਰਕਾਰ ਬਣਾ ਦਿੱਤੀ। ਇਸ ਲਈ ਭਾਜਪਾ ਦਿੱਲੀ ਵਾਲਿਆਂ ਨੂੰ ਏਨੀ ਨਫ਼ਰਤ ਕਰਦੀ ਹੈ। ਰਾਜਸਭਾ ਸਾਂਸਦ ਸੰਜੈ ਸਿੰਘ ਨੇ ਕਿਹਾ ਕਿ ਦਿੱਲੀ ’ਚ ਆਇਆ ਹੜ੍ਹ ਦਾ ਪਾਣੀ ਭਾਜਪਾ ਅਤੇ ਕੇਂਦਰ ਸਰਕਾਰ ਵੱਲੋਂ ਸੋਚੀ-ਸਮਝੀ ਸਾਜ਼ਿਸ਼ ਹੈ। ਦਿੱਲੀ ’ਚ ਤਿੰਨ ਦਿਨਾ ਤੋਂ ਬਾਰਿਸ਼ ਨਹੀਂ ਹੋਈ, ਫਿਰ ਵੀ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ, ਕਿਉਂਕਿ ਹਥਨੀਕੁੰਡ ਤੋਂ ਸਾਰਾ ਪਾਣੀ ਦਿੱਲੀ ਵੱਲ ਅਤੇ ਯਮੁਨਾ ’ਚ ਛੱਡਿਆ ਗਿਆ। ਜਦਕਿ ਇਸ ਤਰ੍ਹਾਂ ਦੀ ਸਥਿਤੀ ’ਚ ਹਥਨੀਕੁੰਡ ਤੋਂ ੳੱੁਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਵੱਲ ਬਰਾਬਰ ਪਾਣੀ ਛੱਡਿਆ ਜਾਂਦਾ ਹੈ। ਸੰਜੈ ਸਿੰਘ ਨੇ ਕਿਹਾ ਕਿ ਦੇਸ਼ ਦੇ ਪੰਜ ਸੂਬਿਆਂ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਪੂਰੀ ਤਰ੍ਹਾਂ ਨਾਲ ਹੜ੍ਹ ਤੋਂ ਪ੍ਰਭਾਵਿਤ ਹਨ। ਜੇਕਰ ਅਸੀਂ ਦਿੱਲੀ ਦੀ ਗੱਲ ਕਰੀਏ ਤਾਂ ਰਾਜਧਾਨੀ ’ਚ ਪਿਛਲੇ ਤਿੰਨ ਦਿਨਾਂ ਤੋਂ ਬਾਰਿਸ਼ ਨਹੀਂ ਹੋਈ, ਇਸ ’ਚ ਇੱਥੇ ਹੜ੍ਹ ਆਉਣ ਪਿੱਛੇ ਕੀ ਕਾਰਨ ਹੈ। ਸੰਜੈ ਸਿੰਘ ਨੇ ਕਿਹਾ ਕਿ ਅੱਜ ਦਿੱਲੀ ਦੇ ਅੰਦਰ ਬਿਨਾਂ ਬਾਰਿਸ਼ ਦੇ ਜੋ ਹੜ੍ਹ ਆਈ ਹੈ, ਇਹ ਇੱਕ ਸੋਚੀ ਸਮਝੀ ਆਪਦਾ ਹੈ, ਇਹ ਕੁਦਰਤ ਦੀ ਮਾਰ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਯਮੁਨਾ ਨਦੀ ’ਚ ਪਾਣੀ ਹੌਲੀ-ਹੌਲੀ ਘਟ ਰਿਹਾ ਹੈ ਅਤੇ ਜੇਕਰ ਬਾਰਿਸ਼ ਨਹੀਂ ਹੋਈ ਤਾਂ ਹਾਲਾਤ ਜਲਦ ਠੀਕ ਹੋ ਜਾਣਗੇ। ਰਾਸ਼ਟਰੀ ਰਾਜਧਾਨੀ ’ਚ ਹਾਲੇ ਵੀ ਕਈ ਇਲਾਕੇ ਜਲਮਗਨ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਪਾਣੀ ਵਾਲੇ ਇਲਾਕਿਆਂ ’ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾ ਨੇ ਦਿੱਲੀ ’ਚ ਸ਼ਾਂਤੀਵਨ ਇਲਾਕੇ ’ਚ ਹੜ੍ਹ ਦੇ ਪਾਣੀ ’ਚ ਖੇਡ ਰਹੇ ਬੱਚਿਆਂ ਦਾ ਵੀਡੀਓ ਟਵੀਟ ਕਰਦੇ ਹੋਏ ਕਿਹਾ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਤਰ੍ਹਾਂ ਨਾ ਕਰੋ। ਇਹ ਜਾਨਲੇਵਾ ਹੋ ਸਕਦਾ ਹੈ।’ ਮੁੱਖ ਮੰਤਰੀ ਨੇ ਕਿਹਾ, ਵਜੀਰਾਬਾਦ ਅਤੇ ਚੰਦਰਾਵਲ ’ਚ ਪਾਣੀ ਕੱਢਿਆ ਜਾ ਰਿਹਾ ਹੈ। ਦਿੱਲੀ ’ਚ ਓਵਰ ਫਲੋਅ ਬਹਿ ਰਹੀ ਯਮੁਨਾ ਨਦੀ ’ਚ ਸ਼ਨੀਵਾਰ ਸਵੇਰੇ ਪਾਣੀ ਘਟਣਾ ਸ਼ੁਰੂ ਹੋਇਆ, ਪਰ ਇਹ ਕੁਝ ਸੈਂਟੀਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲੋਂ ਵੀ ਘੱਟ ਹੋ ਰਿਹਾ ਹੈ।





