ਮੁਰਦੇ ’ਚ ਰੂਹ ਫੂਕਣ ਦੇ ਯਤਨ

0
273

ਬੇਂਗਲੁਰੂ : ਕਾਂਗਰਸ ਨੇ ਸੋਮਵਾਰ ਕਿਹਾ ਕਿ ਆਪੋਜ਼ੀਸ਼ਨ ਏਕਤਾ ਭਾਰਤੀ ਸਿਆਸਤ ’ਚ ਪਾਸਾ ਪਲਟਣ ਵਾਲੀ ਹੋਵੇਗੀ ਅਤੇ ਜਿਹੜੇ ਆਪੋਜ਼ੀਸ਼ਨ ਪਾਰਟੀਆਂ ਨੂੰ ਇਕੱਲਿਆਂ ਢਾਹੁਣ ਦੀਆਂ ਗੱਲਾਂ ਕਰਦੇ ਹੁੰਦੇ ਸੀ, ਹੁਣ ‘ਮੁਰਦਾ’ ਬਣ ਚੁੱਕੇ ਐੱਨ ਡੀ ਏ ਵਿਚ ਨਵੀਂ ਰੂਹ ਫੂਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਆਪੋਜ਼ੀਸ਼ਨ ਪਾਰਟੀਆਂ ਦੀ ਸੋਮਵਾਰ ਸ਼ੁਰੂ ਹੋਣ ਵਾਲੀ ਦੋ ਦਿਨਾਂ ਮੀਟਿੰਗ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਚਾਨਕ ਐੱਨ ਡੀ ਏ ਦੀ ਯਾਦ ਆ ਗਈ ਹੈ। ਉਨ੍ਹਾ ਕਿਹਾ-ਐੱਨ ਡੀ ਏ ਵਿਚ ਨਵੀਂ ਜਾਨ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਐੱਨ ਡੀ ਏ ਦੀ ਕਦੇ ਕੋਈ ਗੱਲ ਨਹੀਂ ਕਰਦਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਅਸੀਂ ਇਸ ਬਾਰੇ ਸੁਣ ਤੇ ਪੜ੍ਹ ਰਹੇ ਹਾਂ। ਅਚਾਨਕ ਮੰਗਲਵਾਰ ਐੱਨ ਡੀ ਏ ਦੀ ਮੀਟਿੰਗ ਸੱਦ ਲਈ ਗਈ ਹੈ। ਸੋ, ਮੁਰਦਾ ਬਣ ਗਏ ਐੱਨ ਡੀ ਏ ਵਿਚ ਹੁਣ ਨਵੀਂ ਰੂਹ ਫੂਕਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਆਪੋਜ਼ੀਸ਼ਨ ਪਾਰਟੀਆਂ ਦੀ ਪਟਨਾ ਵਿਚ ਹੋਈ ਪਹਿਲੀ ਮੀਟਿੰਗ ਦਾ ਹੀ ਨਤੀਜਾ ਹੈ।
ਕਾਂਗਰਸ ਦੇ ਦੂਜੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਝੂਠੇ ਵਾਅਦਿਆਂ ਨਾਲ ਠੱਗਣ ਤੇ ਨਾਕਾਮ ਸਰਕਾਰ ਦੇਣ ਵਾਲਿਆਂ ਨੂੰ ਲੋਕ ਸਮਾਂ ਆਉਣ ’ਤੇ ਸਬਕ ਸਿਖਾਉਣਗੇ। ਤਾਨਾਸ਼ਾਹ ਸਰਕਾਰ ਵੱਲੋਂ ਪੈਦਾ ਕੀਤੀਆਂ ਹਾਲਤਾਂ ਦਾ ਹੱਲ ਦੱਸਣ ਲਈ 26 ਪਾਰਟੀਆਂ ਬੇਂਗਲੁਰੂ ਵਿਚ ਜੁੜ ਰਹੀਆਂ ਹਨ। ਇਹ ਮੀਟਿੰਗ ਗੇਮ ਚੇਂਜਰ ਹੋਵੇਗੀ ਅਤੇ ਅਸੀਂ ਇਹ ਦੇਖ ਕੇ ਬਹੁਤ ਖੁਸ਼ ਹਾਂ ਕਿ ਜਿਹੜੇ ਕਹਿੰਦੇ ਹੁੰਦੇ ਸੀ ਸਮੁੱਚੀ ਆਪੋਜ਼ੀਸ਼ਨ ਨੂੰ ਇਕੱਲਿਆਂ ਪਛਾੜ ਦੇਵਾਂਗੇ, ਉਹ ਹੁਣ ਮੀਟਿੰਗਾਂ ਕਰਨ ਲੱਗ ਪਏ ਹਨ। ਇਹੀ ਆਪੋਜ਼ੀਸ਼ਨ ਏਕਤਾ ਦੀ ਅਸਲ ਕਾਮਯਾਬੀ ਹੈ।
ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਉਹ ਆਪੋਜ਼ੀਸ਼ਨ ਪਾਰਟੀਆਂ ਨਾਲ ਸਿੱਝਣ ਲਈ ਇਕੱਲੇ ਕਾਫੀ ਹਨ, ਫਿਰ ਹੁਣ 30 ਪਾਰਟੀਆਂ ਨੂੰ ਇਕੱਠਿਆਂ ਕਰਨ ਦੀ ਕੋਈ ਲੋੜ ਪੈ ਗਈ। ਉਨ੍ਹਾ ਕਿਹਾ ਕਿ ਆਪੋਜ਼ੀਸ਼ਨ ਪਾਰਟੀਆਂ ਨੂੰ ਇਕੱਠੇ ਹੁੰਦੇ ਦੇਖ ਭਾਜਪਾ ਘਾਬਰ ਗਈ ਹੈ ਤੇ ਗਿਣਤੀ ਸ਼ੋਅ ਕਰਨ ਲਈ ਉਨ੍ਹਾਂ ਪਾਰਟੀਆਂ ਨੂੰ ਇਕੱਠੀਆਂ ਕਰਨ ਲੱਗੀ ਹੈ ਜਿਹੜੀਆਂ ਪਹਿਲਾਂ ਹੀ ਟੋਟੇ-ਟੋਟੇ ਹੋ ਚੁੱਕੀਆਂ ਹਨ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿਚ ਬੋਲਦਿਆਂ ਕਿਹਾ ਸੀ, ‘ਮੈਂ ਅਕੇਲਾ ਕਾਫੀ ਹੂੰ ਸਾਰੀ ਆਪੋਜ਼ੀਸ਼ਨ ਕੇ ਲੀਏ।’ ਪਰ ਹੁਣ 30 ਪਾਰਟੀਆਂ ਇਕੱਠੀਆਂ ਕਰਨ ਦੀ ਕੀ ਲੋੜ ਪੈ ਗਈ। ਇਹ 30 ਪਾਰਟੀਆਂ ਕਿਹੜੀਆਂ ਹਨ, ਇਨ੍ਹਾਂ ਦੇ ਨਾਂਅ ਕੀ ਹਨ, ਕੀ ਇਹ ਚੋਣ ਕਮਿਸ਼ਨ ਕੋਲ ਰਜਿਸਟਰਡ ਵੀ ਹਨ। ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿਚ ਇਹ ਵੀ ਕਿਹਾ ਸੀ-ਦੇਸ਼ ਦੇਖ ਰਹਾ ਹੈ, ਏਕ ਅਕੇਲਾ ਕਿਤਨੋ ਕੋ ਭਾਰੀ ਪੜ ਰਹਾ ਹੈ। ਉਧਰ, ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੀ ਆਲੋਚਨਾ ਕਰਦਿਆਂ ਇਸ ਨੂੰ ਮੌਕਾਪ੍ਰਸਤਾਂ ਅਤੇ ਸੱਤਾ ਦੇ ਭੁੱਖੇ ਨੇਤਾਵਾਂ ਦੀ ਮੀਟਿੰਗ ਕਰਾਰ ਦਿੰਦਿਆਂ ਕਿਹਾ ਕਿ ਮੌਕਾਪ੍ਰਸਤਾਂ ਦਾ ਅਜਿਹਾ ਗੱਠਜੋੜ ਭਾਰਤ ਦੇ ਵਰਤਮਾਨ ਅਤੇ ਭਵਿੱਖ ਲਈ ਚੰਗਾ ਨਹੀਂ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਹੜ੍ਹ ਪ੍ਰਭਾਵਤ ਲੋਕਾਂ ਨੂੰ ਰਾਹਤ ਦੇਣ ਲਈ ਦਿੱਲੀ ’ਚ ਰੁਕਣ ਦੀ ਬਜਾਏ ਵਿਰੋਧੀ ਧਿਰ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਬੇਂਗਲੁਰੂ ਜਾ ਰਹੇ ਹਨ।

LEAVE A REPLY

Please enter your comment!
Please enter your name here