ਬੇਂਗਲੁਰੂ : ਤਾਮਿਲਨਾਡੂ ’ਚ ਪਤੀ-ਪਤਨੀ ਨੂੰ ਬੇਂਗਲੁਰੂ ’ਚ ਢਾਈ ਟਨ ਟਮਾਟਰ ਨਾਲ ਲੱਦੇ ਟਰੱਕ ਨੂੰ ਹਾਈਜੈਕ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਵੈਲੋਰ ਵਾਸੀ ਇਹ ਜੋੜਾ ਸ਼ਾਹਰਾਹਾਂ ’ਤੇ ਲੁੱਟ-ਖੋਹ ਕਰਨ ਵਾਲੇ ਇੱਕ ਗਰੋਹ ਦਾ ਹਿੱਸਾ ਹੈ। ਦੋਵਾਂ ਨੇ 8 ਜੁਲਾਈ ਨੂੰ ਚਿਤਰਦੁਰਗ ਜ਼ਿਲ੍ਹੇ ਦੇ ਚਿਕਾਜਾਲਾ ’ਚ ਹਿਰੀਪੁਰ ਦੇ ਇੱਕ ਕਿਸਾਨ ਮਲੇਸ਼ ਨੂੰ ਰੋਕਿਆ। ਇਹ ਦਾਅਵਾ ਕਰਦਿਆਂ ਉਸ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ ਹੈ। ਜਦੋਂ ਮਲੇਸ਼ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਜੋੜੇ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਢਾਈ ਲੱਖ ਰੁਪਏ ਤੋਂ ਵੱਧ ਕੀਮਤ ਦੇ ਢਾਈ ਟਨ ਟਮਾਟਰ ਨਾਲ ਲੱਦੇ ਟਰੱਕ ਨੂੰ ਲੈ ਕੇ ਫਰਾਰ ਹੋ ਗਏ। ਕਿਸਾਨ ਦੀ ਸ਼ਿਕਾਇਤ ’ਤੇ ਆਰ ਐੱਮ ਸੀ ਯਾਰਡ ਪੁਲਸ ਨੇ ਗਰੋਹ ਦਾ ਪਤਾ ਲਾਇਆ ਅਤੇ ਸਨਿੱਚਰਵਾਰ ਨੂੰ ਭਾਸਕਰ (28) ਅਤੇ ਉਸ ਦੀ ਪਤਨੀ ਸਿੰਧੂਆ (26) ਨੂੰ ਗਿ੍ਰਫਤਾਰ ਕਰ ਲਿਆ, ਜਦਕਿ ਉਨ੍ਹਾਂ ਦੇ ਤਿੰਨ ਹੋਰ ਸਾਥੀ ਅਜੇ ਵੀ ਫਰਾਰ ਹਨ।




