ਪਟਿਆਲਾ : ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਪ੍ਰਧਾਨਗੀ ਹੇਠ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਮੀਟਿੰਗ ਹੋਈ। ਏਕਤਾ ਮੰਚ ਪੰਜਾਬ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਬਿਜਲੀ ਮੰਤਰੀ ਨੇ ਏਕਤਾ ਮੰਚ ਨੂੰ ਭਰੋਸਾ ਦਿੱਤਾ ਕਿ ਸੀ.ਆਰ.ਏ 295/19 ਵਾਲੇ ਸਹਾਇਕ ਲਾਇਨਮੈਨਾਂ ਨੂੰ ਪੂਰੀ ਤਨਖਾਹ ਦੇਣ ਦਾ ਮਸਲਾ ਜਲਦੀ ਹੱਲ ਕਰ ਦਿੱਤਾ ਜਾਵੇਗਾ, ਮੁਲਾਜ਼ਮਾਂ ਨੂੰ ਤੀਜੀ ਤਰੱਕੀ ਤੱਕ ਮਿਲਣ ਵਾਲਾ 23 ਸਾਲਾ ਸਕੇਲ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ, ਆਰ.ਟੀ.ਐੱਮ, ਓ.ਸੀ ਅਤੇ ਅਗੇਤ ਅਧਾਰ ਵਾਲੇ ਕਰਮਚਾਰੀਆਂ ਦੇ ਪੇ ਸਕੇਲ ਵਿੱਚ ਤਰੁੱਟੀਆਂ ਦੂਰ ਕਰਨ ਲਈ ਮਾਮਲਾ ਤਨਖਾਹ ਸੋਧ ਕਮੇਟੀ ਵਿੱਚ ਵਿਚਾਰੇ ਜਾਣ ਦਾ ਭਰੋਸਾ ਦਿੱਤਾ । ਏਕਤਾ ਮੰਚ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਵੱਡੇ ਪੱਧਰ ’ਤੇ ਹੋ ਰਹੀ ਸੇਵਾ-ਮੁਕਤੀ ਕਾਰਨ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਨਿਗਮ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪੱਕੀ ਭਰਤੀ ਕਰਕੇ ਭਰਿਆ ਜਾਵੇ। ਬਿਜਲੀ ਮੰਤਰੀ ਨੇ ਭਰੋਸਾ ਦਿੱਤਾ ਕਿ ਬਿਜਲੀ ਨਿਗਮ ਵਿੱਚ ਭਰਤੀ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ 10 ਸਾਲਾਂ ਤੋਂ ਕੰਟਰੈਕਟ ’ਤੇ ਕੰਮ ਕਰ ਰਹੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਦੀ ਮੰਗ ’ਤੇ ਸਿਆਸੀ ਅਧਾਰ ’ਤੇ ਬਿਜਲੀ ਮੁਲਾਜ਼ਮਾਂ ਦੀਆਂ ਹੋ ਰਹੀਆਂ ਬਦਲੀਆਂ ਕਰਨ ਤੋਂ ਪਹਿਲਾਂ ਮੁਲਾਜ਼ਮ ਦਾ ਪੱਖ ਸੁਣੇ ਜਾਣ ’ਤੇ ਸਹਿਮਤੀ ਬਣੀ। ਇਸੇ ਤਰ੍ਹਾਂ ਡਿਊਟੀ ਦੌਰਾਨ ਕਰੰਟ ਲੱਗਣ ਜਾਂ ਹੋਰ ਘਾਤਕ ਹਾਦਸੇ ਦੀ ਹਾਲਤ ਵਿੱਚ ਹਰ ਤਰ੍ਹਾਂ ਦੇ ਮੁਲਾਜ਼ਮ ਭਾਵੇਂ ਕੱਚੇ ਹੀ ਹੋਣ, ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਮਾਮਲਾ ਵਿਚਾਰੇ ਜਾਣ ਦਾ ਭਰੋਸਾ ਦਿੱਤਾ। ਸੇਵਾ-ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਲੀਵ ਇਨਕੈਸ਼ਮੈਂਟ ਦੀ ਰਕਮ ਸੇਵਾ ਮੁਕਤੀ ਵਾਲੇ ਦਿਨ ਜਾਰੀ ਕਰਨ ’ਤੇ ਵੀ ਸਹਿਮਤੀ ਬਣੀ। ਥਰਮਲ ਕੈਟਾਗਰੀਆਂ ਸਮੇਤ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ । ਆਗੂਆਂ ਨੇ 22 ਨਵੰਬਰ 2022 ਅਤੇ 19 ਮਈ 2023 ਨੂੰ ਪਾਵਰ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾਂ ਸਮੇਂ ਬਣੀਆਂ ਸਹਿਮਤੀਆਂ ਲਾਗੂ ਕਰਨ ਸਮੇਤ ਸੇਵਾਦਾਰ/ਆਰ ਟੀ ਐੱਮ/ਵਰਕਚਾਰਜ ਕੈਟਾਗਰੀਆਂ ਦੀ ਤਰੱਕੀ ਹੋਣ ਦੀ ਸੂਰਤ ਵਿੱਚ ਤਨਖਾਹ ਘਟ ਜਾਣ ਦੇ ਮੁੱਦੇ ਨੂੰ ਵੀ ਉਠਾਇਆ ਗਿਆ, ਜਿਸ ਨੂੰ ਡਾਇਰੈਕਟਰ ਵਿੱਤ ਨਾਲ ਮੀਟਿੰਗ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਮੈਨੇਜਮੈਂਟ ਵੱਲੋਂ ਬਿਜਲੀ ਨਿਗਮ ਦੇ ਸੀ.ਐੱਮ.ਡੀ ਇੰਜ: ਬਲਦੇਵ ਸਿੰਘ ਸਰਾਂ, ਸ੍ਰੀ ਜਸਬੀਰ ਸਿੰਘ ਸੁਰਸਿੰਘ ਡਾਇਰੈਕਟਰ ਪ੍ਰਬੰਧਕੀ, ਇੰਜੀ: ਐੱਸ ਕੇ ਬੇਰੀ ਡਾਇਰੈਕਟਰ ਵਿੱਤ ਤੇ ਇੰਜ: ਰਵਿੰਦਰ ਸਿੰਘ ਸੈਣੀ ਡਾਇਰੈਕਟਰ ਐੱਚ ਆਰ ਹਾਜ਼ਰ ਸਨ। ਮੁਲਾਜ਼ਮ ਜਥੇਬੰਦੀਆਂ ਵੱਲੋਂ ਹਰਭਜਨ ਸਿੰਘ ਪਿਲਖਣੀ ਕਨਵੀਨਰ, ਗੁਰਵੇਲ ਸਿੰਘ ਬੱਲਪੁਰੀਆ, ਦਵਿੰਦਰ ਸਿੰਘ ਪਸੌਰ, ਮਨਜੀਤ ਸਿੰਘ ਚਾਹਲ, ਨਰਿੰਦਰ ਸੈਣੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਰਿੰਦਰਪਾਲ ਲਹੌਰੀਆ, ਅਵਤਾਰ ਸਿੰਘ ਸ਼ੇਰਗਿੱਲ, ਗੁਰਤੇਜ ਸਿੰਘ, ਪੂਰਨ ਸਿੰਘ ਖਾਈ, ਗਰੀਸ਼ ਮਹਾਜਨ, ਗੁਰਵਿੰਦਰ ਸਿੰਘ, ਰਾਜਿੰਦਰ ਸਿੰਘ ਨਿੰਮਾ ਅਤੇ ਕਮਲ ਕੁਮਾਰ ਪਟਿਆਲਾ ਆਦਿ ਹਾਜ਼ਰ ਸਨ।





