ਇੰਫਾਲ : ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਐਤਵਾਰ ਜ਼ੋਰ ਦੇ ਕੇ ਕਿਹਾ ਕਿ ਜੇ ਮਨੀਪੁਰ ਨਸਲੀ ਵਿਵਾਦ ਨੂੰ ਜਲਦੀ ਹੀ ਹੱਲ ਨਾ ਕੀਤਾ ਗਿਆ ਤਾਂ ਇਹ ਦੇਸ਼ ਲਈ ਸੁਰੱਖਿਆ ਚੁਣੌਤੀਆਂ ਖੜ੍ਹੀਆਂ ਕਰ ਸਕਦਾ ਹੈ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਸੰਸਦ ਮੈਂਬਰਾਂ ਨੇ ਮਨੀਪੁਰ ਫੇਰੀ ਦੇ ਦੂਜੇ ਦਿਨ ਰਾਜਪਾਲ ਅਨੁਸੂਈਆ ਉਈਕੇ ਨਾਲ ਰਾਜ ਭਵਨ ’ਚ ਮੁਲਾਕਾਤ ਕੀਤੀ ਤੇ ਉੱਤਰ-ਪੂਰਬੀ ਰਾਜ ਦੇ ਮੌਜੂਦਾ ਹਾਲਾਤ ਬਾਰੇ ਇੱਕ ਮੰਗ-ਪੱਤਰ ਸੌਂਪਿਆ। ਮੰਗ-ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਚੁੱਪੀ ਦੱਸਦੀ ਹੈ ਕਿ ਉਹ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਨਹੀਂ। ਰਾਜਪਾਲ ਨਾਲ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਨੇ ਕਿਹਾਰਾਜਪਾਲ ਨੇ ਸਾਡੀ ਗੱਲ ਸੁਣੀ ਤੇ ਸਹਿਮਤੀ ਦਿੱਤੀ। ਉਨ੍ਹਾ ਹਿੰਸਕ ਘਟਨਾਵਾਂ ’ਤੇ ਦੁੱਖ ਜ਼ਾਹਿਰ ਕੀਤਾ ਤੇ ਸੁਝਾਅ ਦਿੱਤਾ ਕਿ ਇਕ ਸਰਬ ਪਾਰਟੀ ਵਫਦ ਮਨੀਪੁਰ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕਰੇ, ਤਾਂ ਕਿ ਭਾਈਚਾਰੇ ’ਚ ਘਰ ਕਰ ਚੁੱਕੀ ਬੇਭਰੋਸਗੀ ਨੂੰ ਦੂਰ ਕੀਤਾ ਜਾ ਸਕੇ।
ਚੌਧਰੀ ਨੇ ਕਿਹਾ ਕਿ ਮਨੀਪੁਰ ਗਏ ਸੰਸਦ ਮੈਂਬਰ ਹਿੰਸਾ ਦੇ ਝੰਬੇ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਸੰਸਦ ’ਚ ਰੱਖਣਗੇ। ਚੌਧਰੀ ਨੇ ਕਿਹਾਅਸੀਂ ਸੰਸਦ ’ਚ ਮਨੀਪੁਰ ਦੇ ਮਸਲੇ ’ਤੇ ਵਿਚਾਰ-ਚਰਚਾ ਕਰਵਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਹਾਲਾਤ ਦਿਨ-ਬ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਚੇਤੇ ਰਹੇ ਕਿ ਵਿਰੋਧੀ ਧਿਰਾਂ ਨਾਲ ਸੰਬੰਧਤ 21 ਸੰਸਦ ਮੈਂਬਰਾਂ ਦਾ ਵਫਦ ਜ਼ਮੀਨੀ ਹਾਲਾਤ ਦੀ ਸਮੀਖਿਆ ਲਈ ਸਨਿੱਚਰਵਾਰ ਨੂੰ ਦੋ ਰੋਜ਼ਾ ਫੇਰੀ ਤਹਿਤ ਮਨੀਪੁਰ ਪੁੱਜਾ ਸੀ। ਸੰਸਦ ਮੈਂਬਰਾਂ ਨੇ ਇੰਫਾਲ, ਬਿਸ਼ਨੂਪਰ ਜ਼ਿਲ੍ਹੇ ਦੇ ਮੋਇਰਾਂਗ ਤੇ ਚੂਰਾਚਾਂਦਪੁਰ ਦੇ ਰਾਹਤ ਕੈਂਪਾਂ ’ਚ ਨਸਲੀ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ।