16.2 C
Jalandhar
Friday, December 27, 2024
spot_img

ਮਨਪ੍ਰੀਤ ਵਰਗਿਆਂ ਤੋਂ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ : ਮਾਨ

ਮੁਹਾਲੀ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ ਆਈ ਐੱਮ) ਅਹਿਮਦਾਬਾਦ ਤੋਂ ਵਿਸ਼ੇਸ਼ ਸਿਖਲਾਈ ਲੈਣ ਲਈ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹੈੱਡਮਾਸਟਰਾਂ ਦੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਸੂਬੇ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ। ਉਨ੍ਹਾ ਕਿਹਾ ਕਿ ਜਿੱਥੇ ਪਿ੍ਰੰਸੀਪਲਾਂ ਦਾ ਵਫਦ ਸਿੰਗਾਪੁਰ ਤੋਂ ਸਿਖਲਾਈ ਲੈ ਕੇ ਵਾਪਸ ਆ ਰਿਹਾ ਹੈ, ਉਥੇ ਇਹ ਬੈਚ ਆਪਣੀ ਮੁਹਾਰਤ ਨੂੰ ਨਿਖਾਰਨ ਲਈ ਅਹਿਮਦਾਬਾਦ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਇਸ ਦਾ ਇਕੋ-ਇਕ ਉਦੇਸ਼ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਵਿਸਵ ਭਰ ਵਿੱਚ ਕਾਨਵੈਂਟ ਸਕੂਲਾਂ ’ਚ ਪੜ੍ਹੇ-ਲਿਖੇ ਵਿਦਿਆਰਥੀਆਂ ਦਾ ਮੁਕਾਬਲਾ ਕਰ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਅਹੁਦਾ ਸੰਭਾਲਣ ਤੋਂ ਬਾਅਦ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਅੜਚਨਾਂ ਨੂੰ ਦੂਰ ਕਰਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਵੱਲ ਹਮੇਸ਼ਾ ਏਜੰਡੇ ’ਤੇ ਰੱਖਿਆ ਸੀ। ਵਿਰੋਧੀ ਧਿਰ ਵੱਲੋਂ ਤਰਕਹੀਣ ਅਤੇ ਬੇਬੁਨਿਆਦ ਟਿੱਪਣੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਲੋਚਨਾ ਕਰਦਿਆਂ ਉਹਨਾ ਕਿਹਾ ਕਿ ਇਹ ਰਿਕਾਰਡ ’ਤੇ ਮੌਜੂਦ ਹੈ ਕਿ ਹੁਣ ਤੋਂ ਇਨ੍ਹਾਂ ਅਧਿਆਪਕਾਂ ਨਾਲ ਜੁੜਿਆ ਕੱਚਾ ਸ਼ਬਦ ਹਮੇਸ਼ਾ ਲਈ ਹਟ ਜਾਵੇਗਾ। ਇਨ੍ਹਾਂ ਅਧਿਆਪਕਾਂ ਨੂੰ ਹਰ ਸਾਲ 5 ਫੀਸਦੀ ਇੰਕਰੀਮੈਂਟ ਦੇ ਨਾਲ-ਨਾਲ ਛੁੱਟੀਆਂ ਸਮੇਤ ਹੋਰ ਲਾਭ ਵੀ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਡਰੋਨਾਂ ਦੀ ਵਰਤੋਂ ਹੁਣ ਸਰਹੱਦ ਪਾਰੋਂ ਹਥਿਆਰਾਂ/ ਹੈਰੋਇਨ/ ਵਿਸਫੋਟਕਾਂ ਦੀ ਤਸਕਰੀ ਲਈ ਕੀਤੀ ਜਾ ਰਹੀ ਹੈ। ਉਹ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਡਰੋਨਾਂ ਦੀ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਬਣਾਉਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾ ਕਿਹਾ ਕਿ ਵਾਹਨਾਂ ਦੀ ਰਜਿਸਟ੍ਰੇਸ਼ਨ ਵਾਂਗ ਇਸ ਨੂੰ ਵੀ ਲਾਜ਼ਮੀ ਬਣਾਇਆ ਜਾਵੇ, ਤਾਂ ਜੋ ਇਨ੍ਹਾਂ ਰਾਹੀਂ ਹੋ ਰਹੀ ਨਸ਼ਾ ਤਸਕਰੀ ਨੂੰ ਠੱਲ੍ਹ ਪਾਈ ਜਾ ਸਕੇ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਿਆਨ ’ਤੇ ਟਿੱਪਣੀ ਕਰਨ ਲਈ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਭਾਜਪਾ ਆਗੂ ਨੂੰ ਯਾਦ ਦਿਵਾਇਆ ਕਿ ਅਦਾਕਾਰੀ ਉਨ੍ਹਾ ਦਾ ਪੇਸ਼ਾ ਹੈ, ਜਿਸ ਨੇ ਉਨ੍ਹਾ ਨੂੰ ਲੋਕਾਂ ਵਿੱਚ ਹਰਮਨਪਿਆਰਾ ਬਣਾਇਆ ਹੈ। ਉਨ੍ਹਾ ਕਿਹਾ ਕਿ ਜਦੋਂ ਉਹ ਆਪਣੇ ਕੈਰੀਅਰ ਦੇ ਸਿਖਰ ਉੱਤੇ ਸੂਬੇ ਦੀ ਸੇਵਾ ਲਈ ਪੀ ਪੀ ਪੀ ਵਿੱਚ ਸ਼ਾਮਲ ਹੋਏ ਸਨ ਤਾਂ ਮਨਪ੍ਰੀਤ ਨੇ ਉਨ੍ਹਾ ਦੀ ਇੱਕ ‘ਮਹਾਨ ਸ਼ਖ਼ਸੀਅਤ’ ਦੇ ਤੌਰ ’ਤੇ ਪ੍ਰਸੰਸਾ ਕੀਤੀ ਸੀ। ਉਹਨਾ ਵਿਅੰਗ ਕਰਦਿਆਂ ਕਿਹਾ ਕਿ ਅੱਜ ਜਦੋਂ ਸਾਬਕਾ ਵਿੱਤ ਮੰਤਰੀ ਨੂੰ ਉਸ ਦੇ ਮੌਕਾਪ੍ਰਸਤ ਪੈਂਤੜਿਆਂ ਕਾਰਨ ਲੋਕਾਂ ਨੇ ਨਕਾਰ ਦਿੱਤਾ ਹੈ ਤਾਂ ਹੁਣ ਉਹ ਉਨ੍ਹਾਂ ਵਿੱਚ ਨੁਕਸ ਕੱਢ ਰਹੇ ਹਨ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਹ ਸਾਬਕਾ ਮੰਤਰੀ ਦੇ ਆਪਣੇ ਵਾਹਨ ਨੂੰ ਖੁਦ ਚਲਾਉਣ ਅਤੇ ਟੋਲ ਟੈਕਸ ਅਦਾ ਕਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ, ਜਦਕਿ ਅਸਲ ਵਿੱਚ ਉਨ੍ਹਾ ਜਨਤਾ ਦੀ ਭਲਾਈ ਲਈ ਕੁਝ ਨਹੀਂ ਕੀਤਾ। ਉਨ੍ਹਾ ਕਿਹਾ ਕਿ ਇਹ ਉਹ ਬੇਸ਼ਰਮ ਲੋਕ ਹਨ, ਜਿਨ੍ਹਾਂ ਸੂਬੇ ਦੇ ਖਜ਼ਾਨੇ ਦੀ ਅੰਨ੍ਹੇਵਾਹ ਲੁੱਟ ਕੀਤੀ, ਜਿਸ ਦੇ ਚਲਦਿਆਂ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਕੁਕਰਮਾਂ ਲਈ ਜਵਾਬਦੇਹ ਬਣਾਉਂਦਿਆਂ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਵਿਧਾਇਕ ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles