ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਦੀ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਦੀ ਪੁਸਤਕ ‘ਪੰਜਾਬੀਆਂ ਦੀ ਮਰਨ-ਮਿੱਟੀ’ ਉਪਰ ਹੋਈ ਵਿਚਾਰ-ਚਰਚਾ ਨੇ ਇਤਿਹਾਸ, ਸਾਹਿਤ, ਪੰਜਾਬੀ, ਜਨ-ਜੀਵਨ, ਪੰਜਾਬੀ ਸੱਭਿਆਚਾਰ ਅਤੇ ਮਨੋਵਿਗਿਆਨ ਦੀਆਂ ਅਨੇਕਾਂ ਸੂਖ਼ਮ ਪਰਤਾਂ ਫਰੋਲਦਿਆਂ ਪੰਜਾਬੀ ਸਮਾਜ ਲਈ ਚਿੰਤਨ, ਦਿ੍ਰਸ਼ਟੀ ਅਤੇ ਉਦੇਸ਼ ਦੀ ਸਪੱਸ਼ਟਤਾ ਹੋਣ ਦੀ ਹਾਕਾਂ ਮਾਰਦੀ ਲੋੜ ਨੂੰ ਉਭਾਰ ਕੇ ਰੌਸ਼ਨੀ ’ਚ ਲਿਆਂਦਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਮੇਟੀ ਮੈਂਬਰ ਡਾ. ਪਰਮਿੰਦਰ ਸਿੰਘ ਅਤੇ ਉੱਘੇ ਵਿਦਵਾਨ ਡਾ. ਸੇਵਾ ਸਿੰਘ ਦੀ ਪ੍ਰਧਾਨਗੀ ’ਚ ਹੋਈ ਇਸ ਵਿਚਾਰ-ਚਰਚਾ ਦਾ ਆਗਾਜ਼ ਸ਼ਹੀਦ ਊਧਮ ਸਿੰਘ, ਕਾਲਿਆਂ ਵਾਲਾ ਖ਼ੂਹ ਅਤੇ ਜੁਲਾਈ ਮਹੀਨੇ ਦੇ ਸਮੂਹ ਆਜ਼ਾਦੀ ਸੰਗਰਾਮੀਏ ਸ਼ਹੀਦਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਇਆ। ਇਸ ਮੌਕੇ ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਊਧਮ ਸਿੰਘ ਜਲ੍ਹਿਆਂਵਾਲਾ ਬਾਗ਼ ਦਾ ਬਦਲਾ ਲੈਣ ਦਾ ਨਾਂਅ ਨਹੀਂ, ਸਗੋਂ ਇਸ ਤੋਂ ਕਿਤੇ ਉਚੇਰੇ ਉਦੇਸ਼ ਸਮਾਜਕ ਬਦਲਾਅ ਨੂੰ ਪ੍ਰਣਾਇਆ ਰੌਸ਼ਨ ਚਿਰਾਗ਼ ਹੈ।
ਮੁੱਖ ਵਕਤਾ ਸੁਖਜਿੰਦਰ ਨੇ ਕਿਹਾ ਕਿ ਇਤਿਹਾਸ ਦੀ ਗੱਲ ਕਰਦਿਆਂ ਇੱਕ ਅੱਖ ਗੁਆਉਣੀ ਪੈਂਦੀ ਹੈ, ਜੇਕਰ ਇਤਿਹਾਸ ਦੀ ਗੱਲ ਨਹੀਂ ਕਰਾਂਗੇ ਤਾਂ ਦੋਵੇਂ ਅੱਖਾਂ ਗੁਆ ਬਹਿੰਦੇ ਹਾਂ। ਉਹਨਾ ਕਿਹਾ ਕਿ ‘ਪੰਜਾਬੀਆਂ ਦੀ ਮਰਨ ਮਿੱਟੀ’ ਪੰਜਾਬੀ ਮਾਨਸਿਕਤਾ ਦੀਆਂ ਜੜ੍ਹਾਂ ਵਿੱਚ ਕਾਰਜਸ਼ੀਲ ਕਾਰਨਾਂ ਦੀ ਘੋਖ ਕਰਨ ਦੇ ਫ਼ਿਕਰ ਜਗਾਉਂਦੀ ਹੈ।
ਉਹਨਾ ਕਿਹਾ ਕਿ ਪੈਰਾਸ਼ੂਟ ਰਾਹੀਂ ਉੱਤਰੀ ਨਵੇਂ ਸਮਾਜ ਦੀ ਵਿਚਾਰਧਾਰਾ ਦੀ ਮਿੱਟੀ ਵਿੱਚ ਗਹਿਰੀ ਜੜ੍ਹ ਕਿਉਂ ਨਹੀਂ ਲੱਗ ਸਕੀ। ਇਹ ਹਰਿਆ-ਭਰਿਆ ਮਹਿਕਾਂ ਵੰਡਦਾ ਬਾਗ਼ ਕਿਉਂ ਨਹੀਂ ਬਣ ਸਕੀ, ਇਹ ਉਲ੍ਹਾਂਭਾ ਨਹੀਂ, ਇਹ ਸਮਾਜੀ ਸਰੋਕਾਰਾਂ ਦੀ ਫ਼ਿਕਰਮੰਦੀ ਨਾਲ ਬਾਂਹ ਫੜਨ ਦਾ ਸੁਆਲ ਹੈ। ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਹਰਵਿੰਦਰ ਭੰਡਾਲ ਦੀ ਕਿਤਾਬ ਚੇਤਨਾ ਅਤੇ ਚਿੰਤਨ ਨੂੰ ਜਗਾਉਂਦੀ ਹੈ। ਉਹਨਾ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਿਰਜਣਾਤਮਿਕਤਾ ਵੱਲ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਹਨਾ ਕਿਹਾ ਕਿ ਭਵਿੱਖ਼ਮੁਖੀ ਦਿਸ਼ਾ ਕੀ ਹੋਵੇ, ਇਸ ਪਾਸੇ ਹੋਰ ਵੀ ਵਧੇਰੇ ਸੰਵੇਦਨਾ ਅਤੇ ਮਿਹਨਤ ਨਾਲ ਸਿਰਜਣਾ ਕਰਨ ਦੀ ਲੋੜ ਹੈ।
ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਪੰਜਾਬੀਆਂ ਦੀ ਮਰਨ ਮਿੱਟੀ ਦੀ ਮਾਨਸਿਕਤਾ ਬਸਤੀਵਾਦੀ ਦਾਬੇ ਤੋਂ ਬਾਅਦ ਹੀ ਨਹੀਂ ਬਣੀ, ਸਗੋਂ ਇਸ ਦੀ ਪਿੱਠ ਭੂਮੀ ਦੀ ਮਿੱਟੀ ਵੀ ਫਰੋਲਣ, ਛਾਨਣ ਦੀ ਲੋੜ ਹੈ। ਤਰਕ ਦੇ ਨਾਂਅ ਹੇਠ ਮਿਥਿਹਾਸ ਦੀ ਬੇਬਾਕੀ ਨਾਲ ਉਦਾਹਰਨ ਪੇਸ਼ ਕਰਦਿਆਂ ਕਿਹਾ ਕਿ ਗੰਗੂ ਨੂੰ ‘ਮੁਜਰਮ’ ਬਣਾ ਧਰਨ ਪਿੱਛੇ ਸਥਾਪਤੀ ਦੀਆਂ ਕਾਰਸਤਾਨੀ ਭਰੀਆਂ ਮਿੱਥਾਂ ਦੀ ਭੂਮਿਕਾ ਹੈ। ਉਹਨਾ ਕਿਹਾ ਕਿ ਅਤੀਤ ਉਪਰ ਟਿੱਪਣੀ ਕਰਦੇ ਰਹਿਣ ਤੋਂ ਅੱਗੇ ਤੁਰਨ ਦੀ ਲੋੜ ਹੈ ਕਿ ਅੱਜ ਕੀ ਕਰਨਾ ਲੋੜੀਏ, ਨਵਾਂ ਇਤਿਹਾਸ ਕਿਵੇਂ ਸਿਰਜੀਏ ਵਰਗੇ ਨੁਕਤਿਆਂ ਉਪਰ ਵਧੇਰੇ ਗੱਲ ਹੋਣੀ ਚਾਹੀਦੀ ਹੈ।
ਡਾ. ਸੈਲੇਸ਼ ਨੇ ਪੁਸਤਕ ’ਤੇ ਬੋਲਦਿਆਂ ਕਿਹਾ ਕਿ ਹਰਵਿੰਦਰ ਭੰਡਾਲ ਨਿਖੇਧਆਤਮਕ ਦਿ੍ਰਸ਼ਟੀ ਵੱਲ ਉਲਰਦਾ ਹੈ, ਜਦੋਂ ਕਿ ਬੱਬਰ ਅਕਾਲੀ ਲਹਿਰ ਦੀ ਪੱਤਰਕਾਰਤਾ, ਸਾਮਰਾਜੀ ਦਾਬੇ ਖਿਲਾਫ਼ ਵਿਦਰੋਹ ਨੂੰ ਬੱਬਰ ਅਕਾਲੀ ਲਹਿਰ ਦੀਆਂ ਕਮਜ਼ੋਰੀਆਂ ਦੀ ਬਾਵਜੂਦ ਛੁਟਿਆਇਆ ਨਹੀਂ ਜਾ ਸਕਦਾ।
ਸ਼ਬਦੀਸ਼ ਨੇ ਕਿਹਾ ਕਿ 5000 ਸਾਲ ਪੁਰਾਣੇ ਇਤਿਹਾਸ ਨੂੰ ਸਤ੍ਹਾਰਵੀਂ ਸਦੀ ਤੋਂ ਸ਼ੁਰੂ ਕਰਕੇ ਪੁਸਤਕ ਪੰਜਾਬੀਆਂ ਦੀ ਮਰਨ ਮਿੱਟੀ ਦੇ ਗਹਿਰੇ ਰੁਝਾਨਾਂ ਨੂੰ ਸ਼ਾਇਦ ਫੜਨ ’ਚ ਸੰਪੂਰਨਤਾ ਦੀ ਦਾਅਵੇਦਾਰੀ ਨਹੀਂ ਕਰ ਸਕਦੀ। ਉਹਨਾ ਕਿਹਾ ਕਿ ਬੱਬਰ ਅਕਾਲੀ ਲਹਿਰ ਬਰਤਾਨਵੀ ਸਾਮਰਾਜ ਦਾ ਬੋਰੀ-ਬਿਸਤਰਾ ਗੋਲ ਕਰਨ ਲਈ ਦਿ੍ਰੜ੍ਹ ਸੰਕਲਪ ਹੋਣ ਦੇ ਬਾਵਜੂਦ ਅਰਾਜਕਤਾ ਦੇ ਚੱਕਰਵਿਊ ’ਚ ਘਿਰ ਗਈ, ਇਸ ਤੋਂ ਗੰਭੀਰ ਸਬਕ ਲੈਣ ਦੀ ਲੋੜ ਹੈ। ਡਾ. ਪਰਮਿੰਦਰ ਨੇ ਕਿਹਾ ਕਿ ਇਹ ਪੁਸਤਕ ਖੱਬੀ ਲਹਿਰ ਪ੍ਰਤੀ ਨਕਾਰਆਤਮਕ ਪਹੁੰਚ ਨਹੀਂ ਰੱਖਦੀ, ਨਾ ਹੀ ਇਸ ਦਾ ਅੰਨ੍ਹਾ ਗੁਣਗਾਨ ਕਰਦੀ ਹੈ, ਸਗੋਂ ਇਹ ਲੋਕਾਂ ਦੀ ਗੱਲ ਕਰਨ ਵਾਲੀ ਇਸ ਲਹਿਰ ਨਾਲ ਗੰਭੀਰ ਅਤੇ ਸਿਰਜਣਾਤਮਕ ਸੰਵਾਦ ਛੇੜਦੀ ਹੈ। ਉਹਨਾ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਅਤੇ ਹੋਰ ਲਿਖਤਾਂ ਉਪਰ ਪੜਚੋਲਵੀਂ ਦਿ੍ਰਸ਼ਟੀ ਤੋਂ ਗੰਭੀਰ ਕੰਮ ਹੋਣ ਦੀ ਲੋੜ ਹੈ। ਉੱਘੇ ਵਿਦਵਾਨ ਡਾ. ਸੇਵਾ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੋਇੰ ਪ੍ਰਤੀਰੋਧ ਦੀ ਭੋਇੰ ਰਹੀ ਹੈ। ਬਸਤੀਵਾਦ ਨੇ ਸੁਚੇਤ ਪੱਧਰ ’ਤੇ ਪੰਜਾਬੀ ਮਿੱਟੀ ਦੀ ਨਾਬਰੀ ਅਤੇ ਪ੍ਰਤੀਰੋਧ ਦੀ ਅਮੁੱਲੀ ਵਿਰਾਸਤ ਨੂੰ ਚੋਣਵੇਂ ਨਿਸ਼ਾਨੇ ’ਤੇ ਲਿਆਂਦਾ। ਇਸ ਨੁਕਤੇ ਵੱਲ ਸਾਡਾ ਧਿਆਨ ਖਿੱਚਦੀ ਹੈ ਭੰਡਾਲ ਦੀ ਪੁਸਤਕ। ‘ਪੰਜਾਬੀਆਂ ਦੀ ਮਰਨ ਮਿੱਟੀ’ ਦਾ ਸਰੋਤ ਬਸਤੀਵਾਦੀਆਂ ਦੀ ਗਿਣੀ-ਮਿਥੀ ਯੋਜਨਾ ਦਾ ਹਿੱਸਾ ਹੈ। ਡਾ. ਸੇਵਾ ਸਿੰਘ ਨੇ ਕਿਹਾ ਕਿ ਬਸਤੀਵਾਦੀਆਂ ਨੇ ਬਾਬਾ ਨਾਨਕ, ਬੁੱਲੇ ਸ਼ਾਹ ਦਾ ਚਿੰਤਨ ਅਤੇ ਸੰਵਾਦ ਦਾ ਸੱਤਿਆਨਾਸ ਕੀਤਾ, ਤਾਂ ਜੋ ਉਹ ਲੋਕਾਂ ਨੂੰ ਗ਼ੁਲਾਮੀ ਦੀ ਚੋਭ ਰੜਕਣ ਤੋਂ ਬੇਖ਼ਬਰ ਰੱਖ ਸਕਣ। ਪੁਸਤਕ ਦੇ ਰਚਨਾਕਾਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਪੁਸਤਕ ਉੱਪਰ ਹੋਈ ਗੰਭੀਰ ਚਰਚਾ ਸਾਡੇ ਸਾਰਿਆਂ ਲਈ ਮੁੱਲਵਾਨ ਹੈ ਅਤੇ ਇਹ ਮੇਰੇ ਉਪਰ ਭਵਿੱਖ ’ਚ ਹੋਰ ਗੰਭੀਰ ਅਤੇ ਵਡੇਰੀ ਜ਼ਿੰਮੇਵਾਰੀ ਆਇਦ ਕਰਦੀ ਹੈ। ਉਹਨਾ ਕਿਹਾ ਕਿ ਸਾਨੂੰ ਉਸਾਰੂ ਅਤੇ ਸਿਰਜਣਾਤਮਕ ਆਲੋਚਨਾ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਇਸ ਮੌਕੇ ਨਾਮਵਰ ਕਵੀ ਹਰਮੀਤ ਵਿਦਿਆਰਥੀ ਤੇ ਹਰਮੇਸ਼ ਮਾਲੜੀ ਨੇ ਸਮੇਂ ਦਾ ਧਿਆਨ ਰੱਖਦਿਆਂ ਕਿਤਾਬ ਦੀ ਆਮਦ ਨੂੰ ਜੀ ਆਇਆਂ ਕਿਹਾ। ਵਿਚਾਰ-ਚਰਚਾ ’ਚ ਮੰਚ ਸੰਚਾਲਨ ਦੀ ਭੂਮਿਕਾ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।





