ਹਿਸਾਰ : ਹਰਿਆਣਾ ਦੇ ਨੂਹ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਸੋਮਵਾਰ ਹੋਈ ਹਿੰਸਾ ਤੋਂ ਬਾਅਦ ਮੰਗਲਵਾਰ ਨੂੰ ਵੀ ਤਣਾਅ ਬਣਿਆ ਰਿਹਾ। ਨੂਹ ’ਚ 2 ਅਗਸਤ ਤੱਕ ਕਰਫਿਊ ਲਾ ਦਿੱਤਾ ਗਿਆ ਹੈ। ਇਲਾਕੇ ’ਚ ਪੈਰਾ-ਮਿਲਟਰੀ ਦੀਆਂ 13 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਿੰਸਾ ਨੂਹ ਤੋਂ ਬਾਅਦ ਗੁਰੂਗ੍ਰਾਮ ਤੱਕ ਫੈਲ ਗਈ, ਜਿਸ ਨੂੰ ਦੇਖਦੇ ਹੋਏ ਇਨ੍ਹਾਂ ਦੋ ਜ਼ਿਲ੍ਹਿਆਂ ਦੇ ਨਾਲ ਹੀ ਰੇਵਾੜੀ, ਪਲਵਲ, ਫਰੀਦਾਬਾਦ, ਸੋਨੀਪਤ ਸਮੇਤ 6 ਜ਼ਿਲ੍ਹਿਆਂ ’ਚ ਧਾਰਾ 144 ਲਾ ਦਿੱਤੀ ਗਈ। ਨੂਹ, ਫਰੀਦਾਬਾਦ, ਗੁਰੂਗ੍ਰਾਮ ਅਤੇ ਪਲਵਲ ’ਚ ਮੰਗਲਵਾਰ ਵੀ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਰਹੇ। 10ਵੀਂ ਤੇ 12ਵੀਂ ਦੀ ਹੋਣ ਵਾਲੀ ਬੋਰਡ ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ। ਹਿੰਸਾ ਤੋਂ ਬਾਅਦ ਨੂਹ ’ਚ ਥਾਂ-ਥਾਂ ਬਰਬਾਦੀ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਕਈ ਥਾਈਂ ਗੱਡੀਆਂ ਸੜਕਾਂ ’ਤੇ ਸੜ ਕੇ ਕਬਾੜ ਹੋ ਚੁੱਕੀਆਂ ਹਨ।

