ਮੁੰਬਈ : ਮੁੰਬਈ ਦੇ ਕੋਲ ਠਾਣੇ ਜ਼ਿਲ੍ਹੇ ’ਚ ਇੱਕ ਐੱਕਸਪ੍ਰੈੱਸ ਵੇ ’ਤੇ ਮਸ਼ੀਨ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ ਹੋ ਗਈ। ਸ਼ਾਹਪੁਰ ਪੁਲਸ ਨੇ ਦੱਸਿਆ ਕਿ ਐੱਕਸਪ੍ਰੈੱਸ ਹਾਈਵੇ ਦੇ ਤੀਜੇ ਗੇੜ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸ਼ਾਹਪੁਰ ਕੋਲ ਮੰਗਲਵਾਰ ਤੜਕੇ ਇੱਕ ਗਾਰਡਰ ਲਾਂਚਿੰਗ ਮਸ਼ੀਨ ਡਿੱਗ ਗਈ, ਜਿਸ ਦੀ ਲਪੇਟ ’ਚ ਆਉਣ ਨਾਲ 17 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖ਼ਮੀ ਹੋ ਗਏ। ਮੌਕੇ ’ਤੇ ਐੱਨ ਡੀ ਆਰ ਐੱਫ ਟੀਮ ਅਤੇ ਪੁਲਸ ਨੇ ਜ਼ਖ਼ਮੀਆਂ ਨੂੰ ਹਸਪਤਾਲ ’ਚ ਪਹੁੰਚਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ’ਤੇ ਪ੍ਰਧਾਨ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮਰਨ ਵਾਲਿਆਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾ ਕਿਹਾ ਕਿ ਮਿ੍ਰਤਕਾਂ ਦੇ ਪਰਵਾਰਾਂ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇੱਥੇ ਸਵਿਟਜ਼ਰਲੈਂਡ ਦੀ ਇੱਕ ਕੰਮ ਕਰ ਰਹੀ ਸੀ। ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।


