27.9 C
Jalandhar
Sunday, September 8, 2024
spot_img

ਲਾਪਤਾ

ਲੋਕ ਸਭਾ ਦੀ 2014 ਦੀ ਚੋਣ ਦੇ ਸਮੇਂ ਤੋਂ ਹੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਭਾਜਪਾ ਦਾ ਮੁੱਖ ਨਾਅਰਿਆਂ ਵਿੱਚੋਂ ਇੱਕ ਨਾਅਰਾ ਰਿਹਾ ਹੈ। ਨਾਅਰੇ ਤਾਂ ਨਾਅਰੇ ਹੀ ਹੁੰਦੇ ਹਨ, ਪਤਾ ਨਹੀਂ ਕਦੋਂ ਲਾਪਤਾ ਹੋ ਜਾਣ। ਦੇਸ਼ ਭਰ ਵਿੱਚ ਹੋ ਰਹੀਆਂ ਔਰਤਾਂ ਨਾਲ ਖਿਲਵਾੜ ਦੀਆਂ ਘਟਨਾਵਾਂ ਵਿੱਚ ਹੋਏ ਬੇਤਹਾਸ਼ਾ ਵਾਧੇ ਨੇ ਹੁਣ ਇਨ੍ਹਾਂ ਨੂੰ ਸਧਾਰਨ ਖ਼ਬਰਾਂ ਬਣਾ ਦਿੱਤਾ ਹੈ। ਮਨੀਪੁਰ ਦੀਆਂ ਦੋ ਔਰਤਾਂ ਦੇ ਨਗਨ ਵੀਡੀਓ ਉੱਤੇ ਉਥੋਂ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਉਥੇ ਤਾਂ ਅਜਿਹੀਆਂ ਸੈਂਕੜੇ ਘਟਨਾਵਾਂ ਹੋ ਚੁੱਕੀਆਂ ਹਨ, ਇਸੇ ਹਾਲਤ ਦਾ ਪ੍ਰਗਟਾਵਾ ਹੈ।
ਔਰਤਾਂ ਨਾਲ ਬਲਾਤਕਾਰ ਦੀਆਂ ਸਾਹਮਣੇ ਆਉਂਦੀਆਂ ਘਟਨਾਵਾਂ ਤਾਂ ਸਿਰਫ਼ ਰੱਤੀ ਭਰ ਹਨ, ਅਸਲ ਸਥਿਤੀ ਤਾਂ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ 2019 ਤੋਂ 2021ਵਿਚਕਾਰ ਤਿੰਨ ਸਾਲਾਂ ਵਿੱਚ 13 ਲੱਖ ਤੋਂ ਵੱਧ ਲੜਕੀਆਂ ਤੇ ਔਰਤਾਂ ਲਾਪਤਾ ਹੋਈਆਂ ਸਨ।
ਇੱਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਰਾਜ ਮੰਤਰੀ ਵੱਲੋਂ ਰਾਜ ਸਭਾ ਨੂੰ ਦੱਸਿਆ ਗਿਆ ਕਿ ਉਕਤ ਤਿੰਨਾਂ ਸਾਲਾਂ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ 10,61,648 ਔਰਤਾਂ ਤੇ 18 ਸਾਲ ਤੋਂ ਘੱਟ ਦੀਆਂ 2,51,430 ਲੜਕੀਆਂ ਲਾਪਤਾ ਹੋਈਆਂ ਸਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਵੈੱਬਸਾਈਟ ਅਨੁਸਾਰ 2019 ਵਿੱਚ 82,619 ਲੜਕੀਆਂ ਲਾਪਤਾ ਹੋਈਆਂ, ਜਿਨ੍ਹਾਂ ਵਿੱਚੋਂ 49,436 ਬਰਾਮਦ ਕਰ ਲਈਆਂ ਗਈਆਂ । ਇਸੇ ਸਾਲ 3,29,504 ਔਰਤਾਂ ਲਾਪਤਾ ਹੋਈਆਂ, ਜਿਨ੍ਹਾਂ ਵਿੱਚੋਂ 1,68,793 ਬਰਾਮਦ ਕਰ ਲਈਆਂ ਗਈਆਂ। ਸੰਨ 2020 ਵਿੱਚ 79,233 ਲੜਕੀਆਂ ਤੇ 3,44,422 ਔਰਤਾਂ ਲਾਪਤਾ ਹੋਈਆਂ, ਜਿਨ੍ਹਾਂ ਵਿੱਚੋਂ 2,24,043 ਔਰਤਾਂ ਬਰਾਮਦ ਕਰ ਲਈਆਂ ਗਈਆਂ। ਬਰਾਮਦ ਲੜਕੀਆਂ ਦੀ ਗਿਣਤੀ ਉਪਲੱਬਧ ਨਹੀਂ ਹੈ। ਇਸੇ ਤਰ੍ਹਾਂ 2021 ਵਿੱਚ 90,113 ਲੜਕੀਆਂ ਲਾਪਤਾ ਹੋਈਆਂ, ਜਿਨ੍ਹਾਂ ਵਿੱਚੋਂ 58,980 ਬਰਾਮਦ ਕਰ ਲਈਆਂ ਗਈਆਂ ਸਨ। ਇਸ ਸਾਲ 3,75,058 ਔਰਤਾਂ ਲਾਪਤਾ ਹੋਈਆਂ, ਜਿਨ੍ਹਾਂ ਵਿੱਚੋਂ 2,02,298 ਬਰਾਮਦ ਕਰ ਲਈਆਂ ਗਈਆਂ। ਉਪਰੋਕਤ ਮੁਤਾਬਕ 4,53,850 ਔਰਤਾਂ ਤੇ 1 ਲੱਖ ਦੇ ਕਰੀਬ ਲੜਕੀਆਂ ਹਾਲੇ ਵੀ ਲਾਪਤਾ ਹਨ। ਇਹ ਕਿੱਧਰ ਗਈਆਂ ਤੇ ਕਿਸ ਹਾਲਤ ਵਿੱਚ ਹੋਣਗੀਆਂ, ਸੋਚ ਕੇ ਰੂਹ ਕੰਬ ਜਾਂਦੀ ਹੈ। ਜਿਹੜੀਆਂ ਬਰਾਮਦ ਵੀ ਕਰ ਲਈਆਂ ਗਈਆਂ ਹਨ, ਉਨ੍ਹਾਂ ਦੀਆਂ ਕਹਾਣੀਆਂ ਵੀ ਰੌਂਗਟੇ ਖੜੇ੍ਹ ਕਰਨ ਵਾਲੀਆਂ ਹੋਣਗੀਆਂ।
ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਅਰਸੇ ਦੌਰਾਨ ਮੱਧ ਪ੍ਰਦੇਸ਼ ਵਿੱਚੋਂ 1,60,180 ਔਰਤਾਂ ਤੇ 38,234 ਲੜਕੀਆਂ, ਪੱਛਮੀ ਬੰਗਾਲ ਵਿੱਚੋਂ 1,56,905 ਔਰਤਾਂ ਤੇ 36,606 ਲੜਕੀਆਂ ਅਤੇ ਮਹਾਰਾਸ਼ਟਰ ਵਿੱਚ 1,78,400 ਔਰਤਾਂ ਤੇ 13033 ਲੜਕੀਆਂ ਲਾਪਤਾ ਹੋਈਆਂ ਸਨ।
ਇਨ੍ਹਾਂ ਔਰਤਾਂ ਦੇ ਲਾਪਤਾ ਹੋਣ ਪਿੱਛੇ ਗਰੀਬੀ, ਰੁਜ਼ਗਾਰ ਨਾ ਮਿਲਣਾ ਤੇ ਅਨਪੜ੍ਹਤਾ ਮੁੱਖ ਕਾਰਨ ਹਨ। ਬਹੁਤ ਸਾਰੇ ਦਲਾਲ ਗਰੀਬੀ ਦੀਆਂ ਸ਼ਿਕਾਰ ਔਰਤਾਂ ਤੇ ਲੜਕੀਆਂ ਨੂੰ ਰੁਜ਼ਗਾਰ ਦਾ ਝਾਂਸਾ ਦੇ ਕੇ ਲੈ ਜਾਂਦੇ ਹਨ। ਉਹ ਇਨ੍ਹਾਂ ਲਾਚਾਰ ਔਰਤਾਂ ਨੂੰ ਖਾੜੀ ਦੇ ਦੇਸ਼ਾਂ ਵਿੱਚ ਵੇਚ ਦਿੰਦੇ ਹਨ ਜਾਂ ਫਿਰ ਦੇਸ਼ ਵਿਚਲੇ ਦੇਹ ਵਪਾਰ ਦੇ ਅੱਡਿਆਂ ਦੇ ਹਵਾਲੇ ਕਰ ਦਿੰਦੇ ਹਨ। ਪਿਛਲੇ ਦਿਨੀਂ ਗੁਜਰਾਤ ਤੋਂ ਇੱਕ ਖ਼ਬਰ ਛਪੀ ਸੀ ਕਿ ਉਥੇ ਗਰੀਬ ਤਬਕਿਆਂ ਦੀਆਂ ਬੱਚੀਆਂ ਨੂੰ ਬਾਲ ਬਹੂ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਇਨ੍ਹਾਂ ਬੱਚੀਆਂ ਨਾਲ ਬਲਾਤਕਾਰ ਕਰਕੇ ਮੁੜ ਦਲਾਲ ਦੇਹ ਵਪਾਰ ਲਈ ਵੇਚ ਦਿੰਦੇ ਹਨ। ਇਸ ਤਰ੍ਹਾਂ ਇਹ ਸਾਰੀ ਉਮਰ ਨਰਕ ਭੋਗਣ ਲਈ ਮਜਬੂਰ ਹੋ ਜਾਂਦੀਆਂ ਹਨ।
ਸਰਕਾਰ ਅੰਕੜੇ ਤਾਂ ਪੇਸ਼ ਕਰ ਰਹੀ ਹੈ, ਪਰ ਇਸ ਅਪਰਾਧ ਨੂੰ ਰੋਕਣ ਲਈ ਉਸ ਨੇ ਕੀ ਕੀਤਾ ਹੈ, ਇਸ ਦਾ ਉਸ ਕੋਲ ਕੋਈ ਜਵਾਬ ਨਹੀਂ। ਅਪਰਾਧਾਂ ਦੀ ਰੋਕਥਾਮ ਲਈ ਜ਼ਿੰਮੇਵਾਰ ਏਜੰਸੀਆਂ ਦੀ ਮਿਲੀਭੁਗਤ ਬਿਨਾਂ ਔਰਤਾਂ ਦਾ ਏਨੀ ਵੱਡੀ ਗਿਣਤੀ ਵਿੱਚ ਅਗਵਾ ਹੋਣਾ ਸੰਭਵ ਹੀ ਨਹੀਂ। ਇਹ ਤਾਂ ਇੱਕ ਕਾਰੋਬਾਰ ਬਣ ਚੁੱਕਾ ਹੈ, ਜਿਸ ਨੇ ਸਮੁੱਚੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਸ ਨੂੰ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸਰਕਾਰਾਂ ਤਾਂ ਨਾਅਰਿਆਂ ਤੱਕ ਸੀਮਤ ਹੋ ਗਈਆਂ ਹਨ, ਜਿਹੜੇ ਚੋਣਾਂ ਤੋਂ ਬਾਅਦ ਲਾਪਤਾ ਹੋ ਜਾਂਦੇ ਹਨ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles