ਨਰੇਗਾ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਮੋਦੀ ਸਰਕਾਰ ਨੂੰ ਚਲਦਾ ਕਰਨਾ ਜ਼ਰੂਰੀ : ਜਗਰੂਪ

0
200

ਮੋਗਾ : ‘ਨਰੇਗਾ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਮੋਦੀ ਸਰਕਾਰ ਨੂੰ ਚਲਦਾ ਕਰਨਾ ਜ਼ਰੂਰੀ ਹੈ, ਇਸ ਲਈ ਕਿਰਤੀ ਲੋਕਾਂ ਦਾ ਏਕਾ ਤੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਮੋਗਾ ਦੇ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਲਗਾਈ ਨਰੇਗਾ ਕਾਮਿਆਂ ਦੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਵਰਕਸ਼ਾਪ ਬੀ ਕੇ ਐੱਮ ਯੂ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਟਰੱਸਟ ਦੇ ਪਹਿਲੇ ਪ੍ਰਧਾਨ ਰੁਲਦੂ ਖਾਂ ਦੀ ਯਾਦ ਨੂੰ ਸਮਰਪਿਤ ਕੀਤੀ ਗਈ। ਉਹਨਾ ਕਿਹਾ ਕਿ ਰੁਲਦੂ ਖਾਂ ਦੀ ਸੋਚ ਵਾਲੀਆਂ ਖੱਬੀਆਂ ਪਾਰਟੀਆਂ ਦੀ ਤਾਕਤ ਦੇ ਦਬਾਅ ਹੇਠ 2005 ਵਿੱਚ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਐਕਟ 2005 (ਨਰੇਗਾ) ਹੋਂਦ ਵਿੱਚ ਆਇਆ ਸੀ, ਜਿਸ ਵਿੱਚ ਨਰੇਗਾ ਕਾਮਿਆਂ ਦੇ ਕੰਮ ਦਾ ਸਮਾਂ 6 ਘੰਟੇ ਸੀ, ਪਰ ਬਾਅਦ ਵਿੱਚ ਕਾਂਗਰਸ ਸਰਕਾਰ ਨੇ ਇਸ ਨੂੰ ਵਧਾ ਕੇ 9 ਕਰ ਦਿੱਤਾ ਅਤੇ ਹੁਣ ਮੋਦੀ ਗੌਰਮਿੰਟ ਇਸ ਨੂੰ 12 ਘੰਟੇ ਕਰਨਾ ਚਾਹੁੰਦੀ ਹੈ, ਜਿਸ ਨੂੰ ਨਰੇਗਾ ਕਾਮੇ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਉਹਨਾ ਕਿਹਾ ਕਿ ਨਰੇਗਾ ਐਕਟ ਮੁਤਾਬਕ ਨਰੇਗਾ ਕਾਮਿਆਂ ਦੀ ਦਿਹਾੜੀ ਸੂਬਾ ਸਰਕਾਰ ਦੁਆਰਾ ਪਾਸ ਖੇਤੀਬਾੜੀ ਦੇ ਕਾਮਿਆਂ ਨੂੰ ਦਿੱਤੀ ਜਾ ਰਹੀ ਦਿਹਾੜੀ ਦੇ ਬਰਾਬਰ ਹੋਣੀ ਚਾਹੀਦੀ ਹੈ, ਜੋ ਕਿ ਇਸ ਵਕਤ 381 ਰੁਪਏ ਬਣਦੀ ਹੈ, ਪਰ ਪੰਜਾਬ ਦੇ ਨਰੇਗਾ ਮਜ਼ਦੂਰਾਂ ਨੂੰ 303 ਰੁਪਏ ਦੇ ਕੇ 78 ਰੁਪਏ ਪ੍ਰਤੀ ਦਿਹਾੜੀ ਮਾਰੇ ਜਾ ਰਹੇ ਹਨ। ਉਹਨਾ ਇਹਨਾਂ ਸਾਰੀਆਂ ਬੇਇਨਸਾਫੀਆਂ ਵਿਰੁੱਧ ਨਰੇਗਾ ਕਾਮਿਆਂ ਨੂੰ ਜਥੇਬੰਦ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਅਤੇ ਜਨਰਲ ਸਕੱਤਰ ਜਗਸੀਰ ਖੋਸਾ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਅਤੇ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨਰੇਗਾ ਕਾਮਿਆਂ ਨੂੰ ਪਹਿਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਤੋਂ ਵੀ ਵੱਧ ਖੱਜਲ ਕਰਦਿਆਂ ਉਨ੍ਹਾਂ ਦੇ ਹੱਕਾਂ ’ਤੇ ਡਾਕੇ ਮਾਰ ਰਹੀ ਹੈ। ਰਾਜਨੀਤਕ ਦਬਾਅ ਹੇਠ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਆਪਣੇ ਚਹੇਤਿਆਂ ਨੂੰ ਧੱਕੇਸ਼ਾਹੀ ਨਾਲ ਨਰੇਗਾ ਮੇਟ ਲਗਾ ਕੇ ਪਿੰਡ-ਪਿੰਡ ਕਲੇਸ਼ ਖੜ੍ਹਾ ਕੀਤਾ ਜਾ ਰਿਹਾ ਹੈ, ਜਦੋਂ ਕਿ ਕਾਨੂੰਨ ਅਨੁਸਾਰ ਨਰੇਗਾ ਮੇਟ ਦੀ ਚੋਣ ਵਿੱਚ ਨਰੇਗਾ ਕਾਮਿਆਂ ਦੀ ਭਾਗੀਦਾਰੀ ਲਾਜ਼ਮੀ ਹੈ।
ਇਸ ਤੋਂ ਬਾਅਦ ਪੰਜਾਬ ਦੇ ਨਰੇਗਾ ਮਜ਼ਦੂਰਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ 303 ਰੁਪਏ ਦੇ ਕੇ ਸਾਲ ਦੇ 7800 ਰੁਪਏ ਮਾਰਨ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਵਿਰੁੱਧ ਅਗਸਤ ਮਹੀਨੇ ਸਾਰੇ ਪੰਜਾਬ ਦੇ ਡੀ ਸੀ ਦਫਤਰਾਂ ਅੱਗੇ ਧਰਨੇ ਮਾਰੇ ਜਾਣਗੇ। ਇਸ ਤਹਿਤ 18 ਅਗਸਤ ਨੂੰ ਮੁਕਤਸਰ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਬਾਕੀ ਜ਼ਿਲ੍ਹਿਆਂ ਦੀਆਂ ਤਰੀਕਾਂ ਵੀ ਜਲਦੀ ਤਹਿ ਕੀਤੀਆਂ ਜਾਣਗੀਆਂ। ਅੰਤ ਵਿੱਚ ਯੂਨੀਅਨ ਦੇ ਜ਼ਿਲ੍ਹਾ ਸਲਾਹਕਾਰ ਕੁਲਦੀਪ ਸਿੰਘ ਭੋਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਵਰਕਸ਼ਾਪ ਵਿੱਚ ਹੋਰਨਾਂ ਤੋਂ ਇਲਾਵਾ ਬੋਹੜ ਸਿੰਘ ਸੁਖਨਾ ਮੁਕਤਸਰ, ਸ਼ੇਰ ਸਿੰਘ ਦੌਲਤਪੁਰਾ, ਗੋਰਾ ਸਿੰਘ ਪਿਪਲੀ ਫਰੀਦਕੋਟ, ਨੀਲੇ ਖਾਂ ਸੰਗਰੂਰ, ਬਲਜੀਤ ਕੌਰ ਪਟਿਆਲਾ, ਲਖਵਿੰਦਰ ਗੋਪਾਲਪੁਰਾ ਅੰਮਿ੍ਰਤਸਰ, ਸਤਨਾਮ ਸਿੰਘ ਕਿਰਤੀ ਗੁਰਦਾਸਪੁਰ, ਸਰਬਜੀਤ ਕੌਰ ਖੋਸਾ ਤੇ ਬਿੰਦਰ ਕੌਰ ਗਲੋਟੀ ਮੋਗਾ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here